ਨਵੀਂ ਦਿੱਲੀ, 20 ਦਸੰਬਰ
ਉੱਤਰਾਖੰਡ ਦੇ ਮੁੱਖ ਮੰਤਰੀ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਅੱਜ ਇਥੇ ਦਿੱਲੀ ਸਰਹੱਦ ’ਤੇ ਕਿਸਾਨਾਂ ਵੱਲੋਂ ਲਾਏ ਧਰਨੇ ’ਚ ਸ਼ਾਮਲ ਹੁੰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ‘ਕਿਸਾਨ ਨਾਲ ਲੜਨਾ, ਰੱਬ ਨਾਲ ਆਢਾ ਲਾਉਣ ਦੇ ਬਰਾਬਰ ਹੈ।’ ਪੂਰਬੀ ਦਿੱਲੀ ’ਚ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ’ਤੇ ਲੱਗੇ ਧਰਨੇ ’ਚ ਰਾਵਤ ਨੇ ‘ਕਿਸਾਨ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ।
ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚੇ ’ਤੇ ਡਟੇ ਕਿਸਾਨਾਂ ਨੂੰ ਮੁਖਾਤਬਿ ਹੁੰਦਿਆਂ ਰਾਵਤ ਨੇ ਕਿਹਾ, ‘ਮੈਂ ਇਥੇ ਇਕ ਕਿਸਾਨ ਵਜੋਂ ਆਇਆ ਹਾਂ। ਕਿਸਾਨ ਨਾਲ ਲੜਨਾ, ਰੱਬ ਨਾਲ ਲੜਨ ਦੇ ਬਰਾਬਰ ਹੈ।’ ਰਾਵਤ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਸੁਨੇਹੇ ਨੂੰ ‘ਸਮਝਣ’। ਕਾਂਗਰਸੀ ਆਗੂ ਨੇ ਸਾਫ਼ ਕਰ ਦਿੱਤਾ ਕਿ ਉਹ ਧਰਨੇ ਵਾਲੀ ਥਾਂ ਸਿਆਸਤ ਕਰਨ ਲਈ ਨਹੀਂ ਆਏ। ਰਾਵਤ ਦੀ ਕਿਸਾਨ ਧਰਨੇ ’ਚ ਸ਼ਮੂਲੀਅਤ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਦਿੱਲੀ ’ਚ ਮੁਲਾਕਾਤ ਮਗਰੋਂ ਸੰਭਵ ਹੋਈ ਹੈ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਦੀ ਇਹ ਪੇਸ਼ਕਦਮੀ ਇਸ ਲਈ ਵੀ ਅਹਿਮ ਹੈ ਕਿਉਂਕਿ ਪਹਾੜੀ ਰਾਜ ’ਚ ਅਸੈਂਬਲੀ ਚੋਣਾਂ 2022 ਦੇ ਸ਼ੁਰੂ ’ਚ ਹੋਣੀਆਂ ਹਨ ਤੇ ਅਜਿਹੇ ਕਿਆਸ ਹਨ ਕਿ ਕਾਂਗਰਸ ਇਸ ਅਹਿਮ ਲੜਾਈ ’ਚ ਰਾਵਤ ਨੂੰ ਮੁੜ ਮੁੱਖ ਚਿਹਰੇ ਵਜੋਂ ਉਭਾਰ ਸਕਦੀ ਹੈ। -ਆਈਏਐੱਨਐੱਸ