ਪਟਨਾ: ਬਿਹਾਰ ਵਿਧਾਨ ਪ੍ਰੀਸ਼ਦ ’ਚ ਅੱਜ ਆਰਜੇਡੀ ਮੈਂਬਰ ਸੁਬੋਧ ਕੁਮਾਰ ਵੱਲੋਂ ਆਪਣੀ ਵਾਰੀ ਉਡੀਕੇ ਬਗ਼ੈਰ ਪ੍ਰਸ਼ਨ ਪੁੱਛੇ ਜਾਣ ਤੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਭੜਕ ਗਏ। ਉਨ੍ਹਾਂ ਸੁਬੋਧ ਕੁਮਾਰ ਨੂੰ ਸਦਨ ਦੇ ਨਿਯਮ ਸਿੱਖਣ ਦੀ ਨਸੀਹਤ ਦੇ ਦਿੱਤੀ। ਵੇਰਵਿਆਂ ਮੁਤਾਬਕ ਜਦ ਆਰਜੇਡੀ ਵਿਧਾਇਕ ਮੁਹੰਮਦ ਫਾਰੂਕ ਸਵਾਲ ਕਰਨ ਲਈ ਖੜ੍ਹੇ ਹੋਏ ਤਾਂ ਮੰਤਰੀ ਜੈਅੰਤ ਰਾਜ ਵੀ ਜਵਾਬ ਦੇਣ ਲਈ ਖੜ੍ਹੇ ਹੋ ਗਏ। ਇਸੇ ਦੌਰਾਨ ਆਰਜੇਡੀ ਮੈਂਬਰ ਸੁਬੋਧ ਕੁਮਾਰ ਵੀ ਖੜ੍ਹੇ ਹੋ ਗਏ ਤੇ ਸਵਾਲ ਪੁੱਛਣ ਲੱਗੇ। ਇਸ ਤੋਂ ਨਿਤਿਸ਼ ਕੁਮਾਰ ਭੜਕ ਗਏ ਤੇ ਆਪਣੀ ਸੀਟ ਤੋਂ ਉੱਠ ਕੇ ਹਦਾਇਤ ਦਿੱਤੀ ਕਿ ‘ਜਦ ਦੂਜਾ ਮੈਂਬਰ ਸਵਾਲ ਪੁੱਛ ਰਿਹਾ ਹੋਵੇ ਤੇ ਜਵਾਬ ਦਿੱਤਾ ਜਾ ਰਿਹਾ ਹੋਵੇ ਤਾਂ ਤੁਹਾਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਚਾਹੀਦੀ ਹੈ।’ ਜਦੋਂ ਸੁਬੋਧ ਕੁਮਾਰ ਨਾ ਟਲੇ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਿਹਾ, ‘ਕਿਰਪਾ ਕਰ ਕੇ ਤੁਸੀਂ ਬੈਠ ਜਾਓ। ਪਹਿਲਾਂ ਨਿਯਮ ਪੜ੍ਹ ਕੇ ਆਓ।’ -ਪੀਟੀਆਈ