ਨਵੀਂ ਦਿੱਲੀ, 11 ਨਵੰਬਰ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਕੋਵਿਡ- 19 ਖ਼ਿਲਾਫ਼ ਜੰਗ ਆਖ਼ਰੀ ਪੜਾਅ ’ਤੇ ਹੈ ਅਤੇ ਸਾਨੂੰ ਉਦੋਂ ਤੱਕ ਇਹਤਿਆਤ ਵਰਤਣੀ ਜਾਰੀ ਰੱਖਣੀ ਚਾਹੀਦੀ ਹੈ, ਜਦੋਂ ਤੱਕ ਇਹ ਮਹਾਮਾਰੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦੀ। ਉਨ੍ਹਾਂ ਸੂਬਿਆਂ ਨੂੰ ਟੀਕਾਕਰਨ ਦਾ ਘੇਰਾ ਵਧਾਉਣ ਅਤੇ 12 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਦੂਜੀ ਡੋਜ਼ ਲੈਣ ਵਾਸਤੇ ਪ੍ਰੇਰਿਤ ਕਰਨ ਲਈ ਆਖਿਆ। ਉਨ੍ਹਾਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਵੀ ਕਿਹਾ ਕਿ ‘ਹਰ ਘਰ ਦਸਤਕ’ ਮੁਹਿੰਮ ਤਹਿਤ ਸਾਰੇ ਵਿਅਕਤੀਆਂ ਨੂੰ ਪਹਿਲੀ ਡੋਜ਼ ਜ਼ਰੂਰ ਲੱਗ ਜਾਵੇ। ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਵਰਚੁਅਲ ਗੱਲਬਾਤ ਮੌਕੇ ਸ੍ਰੀ ਮਾਂਡਵੀਆ ਨੇ ਕਿਹਾ ਕਿ ਕਰੋਨਾ ਖ਼ਿਲਾਫ਼ ਜੰਗ ਆਖ਼ਰੀ ਪੜਾਅ ’ਤੇ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਟੀਕਾਕਰਨ ਨਾਲ ਇਸ ਮਹਾਮਾਰੀ ਦਾ ਖ਼ਤਰਾ ਘਟ ਜਾਂਦਾ ਹੈ, ਉੱਥੇ ਕੋਵਿਡ- 19 ਨਾਲ ਸਬੰਧਤ ਉਚਿਤ ਵਿਵਹਾਰ ਦੀ ਪਾਲਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਇਹ ਗੱਲ ਯਕੀਨੀ ਬਣਾਈ ਜਾ ਸਕੇ ਕਿ ਮੁਲਕ ਵੱਲੋਂ ਇਕੱਠਿਆਂ ਮਿਲ ਕੇ ਹੁਣ ਤੱਕ ਹਾਸਲ ਕੀਤੀ ਗਈ ਉਪਲੱਬਧੀ ਬਰਬਾਦ ਨਾ ਚਲੀ ਜਾਵੇ। -ਪੀਟੀਆਈ
ਭਾਰਤ ’ਚ ਕਰੋਨਾ ਦੇ 13,091 ਨਵੇਂ ਕੇਸ, 340 ਮੌਤਾਂ
ਨਵੀਂ ਦਿੱਲੀ: ਭਾਰਤ ਵਿੱਚ ਕਰੋਨਾ ਲਾਗ ਦੇ 13,091 ਨਵੇਂ ਕੇਸ ਮਿਲਣ ਨਾਲ ਕੇਸਾਂ ਦੀ ਕੁੱਲ ਗਿਣਤੀ ਵਧ ਕੇ 3,44,01670 ਹੋ ਗਈ ਹੈ। ਇਸੇ ਦੌਰਾਨ ਦੇਸ਼ ਵਿੱਚ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 1,38,556 ਰਹਿ ਗਈ ਹੈ, ਜੋ ਕਿ 266 ਦਿਨਾਂ ਵਿੱਚ ਸਭ ਤੋਂ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਅਪਡੇਟ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ਵਿੱਚ 340 ਹੋਰ ਮੌਤਾਂ ਹੋਣ ਨਾਲ ਕਰੋਨਾ ਮ੍ਰਿਤਕਾਂ ਦਾ ਅੰਕੜਾ ਵਧ ਕੇ 4,63,189 ਹੋ ਗਿਆ ਹੈ। ਲਾਗ ਦੇ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ ਲਗਾਤਾਰ 34ਵੇਂ ਦਿਨ 20 ਹਜ਼ਾਰ ਤੋਂ ਹੇਠਾਂ ਜਦਕਿ ਲਗਾਤਾਰ 137ਵੇਂ ਦਿਨ 50 ਹਜ਼ਾਰ ਤੋਂ ਹੇਠਾਂ ਰਹੀ ਹੈ। ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਸਮੇਂ ਕੁੱਲ ਕੇਸਾਂ ਦੇ 0.40 ਫ਼ੀਸਦੀ ਸਰਗਰਮ ਕੇਸ ਹਨ। ਚੌਵੀ ਘੰਟਿਆਂ ਦੇ ਵਕਫੇ ਦੌਰਾਨ 1,127 ਸਰਗਰਮ ਕੇਸ ਘਟੇ ਹਨ। -ਪੀਟੀਆਈ