ਨਵੀਂ ਦਿੱਲੀ, 14 ਜੂਨਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ 6 ਸੰਸਦ ਮੈਂਬਰਾਂ ਵਿਚੋਂ 5 ਨੇ ਚਿਰਾਗ ਪਾਸਵਾਨ ਨੂੰ ਸੰਸਦ ਦੇ ਹੇਠਲੇ ਸਦਨ ਵਿੱਚ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਲਾਂਭੇ ਕਰਨ ਅਤੇ ਉਨ੍ਹਾਂ ਦੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਨੂੰ ਇਸ ਅਹੁਦੇ ’ਤ ਨਿਯੁਕਤ ਕਰਨ ਲਈ ਚਾਰਾਜੋਈ ਆਰੰਭ ਦਿੱਤੀ ਹੈ। ਇਸ ਮਗਰੋਂ ਚਿਰਾਗ ਆਪਣੇ ਚਾਚਾ ਪਸ਼ੂਪਤੀ ਕੁਮਾਰ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪੁੱਜੇ ਪਰ ਉਹ ਘਰ ਵਿਚ ਨਹੀਂ ਸਨ। ਉਧਰ, ਪਾਰਸ ਨੇ ਸੋਮਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇਕ ਚੰਗਾ ਨੇਤਾ ਅਤੇ ‘ਵਿਕਾਸ ਪੁਰਸ਼’ ਦੱਸਿਆ। ਇਸ ਮਗਰੋਂ ਹੀ ਪਾਰਟੀ ਵਿੱਚ ਫੁੱਟ ਜੱਗ ਜ਼ਾਹਿਰ ਹੋ ਗਈ ਕਿਉਂਕਿ ਪਾਰਸ ਦਾ ਭਤੀਜਾ ਚਿਰਾਗ ਪਾਸਵਾਨ ਜਨਤਾ ਦਲ ਯੂਨਾਇਟਿਡ ਪ੍ਰਧਾਨ ਦੀ ਆਲੋਚਨਾ ਕਰਦਾ ਰਿਹਾ ਹੈ। ਹਾਜੀਪੁਰ ਤੋਂ ਸੰਸਦ ਮੈਂਬਰ ਪਾਰਸ ਨੇ ਕਿਹਾ, ‘‘ਮੈਂ ਪਾਰਟੀ ਤੋੜੀ ਨਹੀਂ, ਸਗੋਂ ਬਚਾਈ ਹੈ।’ ਉਨ੍ਹਾਂ ਕਿਹਾ ਕਿਹਾ ਕਿ ਲੋਜਪਾ ਦੇ 99 ਫੀਸਦੀ ਵਰਕਰ ਪਾਸਵਾਨ ਦੀ ਅਗਵਾਈ ਵਿੱਚ ਬਿਹਾਰ 2020 ਵਿਧਾਨ ਸਭਾ ਚੋਣਾਂ ਵਿੱਚ ਜੇਡੀਯੂ ਖਿਲਾਫ਼ ਪਾਰਟੀ ਦੇ ਚੋਣ ਲੜਨ ਅਤੇ ਅਸਫਲ ਰਹਿਣ ਤੋਂ ਨਾਖੁਸ਼ ਹਨ।
ਪਾਰਸ ਨੇ ਕਿਹਾ ਕਿ ਉਨ੍ਹਾਂ ਦਾ ਗੁਟ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦਾ ਹਿੱਸਾ ਬਣਿਆ ਰਹੇਗਾ ਅਤੇ ਪਾਸਵਾਨ ਵੀ ਸੰਗਠਨ ਵਿੱਚ ਰਹਿ ਸਕਦੇ ਹਨ। ਬਾਗੀ ਸੰਸਦ ਮੈਂਬਰਾਂ ਨੇ ਪਾਰਸ ਨੂੰ ਸਦਨ ਵਿੱਚ ਲੋਜਪਾ ਦਾ ਨੇਤਾ ਚੁਣਨ ਦੇ ਆਪਣੇ ਫੈਸਲੇ ਤੋਂ ਲੋਕ ਸਭਾ ਸਪੀਕਰ ਨੂੰ ਜਾਣੂ ਕਰਵਾ ਦਿੱਤਾ ਹੈ। ਹਾਲਾਂਕਿ ਪਾਰਸ ਨੇ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ। ਸੂਤਰਾਂ ਅਨੁਸਾਰ ਲੋਜਪਾ ਦੇ ਅਸੰਤੁਸ਼ਟ ਸੰਸਦ ਮੈਂਬਰਾਂ ਵਿੱਚ ਪ੍ਰਿੰਸ ਰਾਜ, ਚੰਦਨ ਸਿੰਘ, ਵੀਨਾ ਦੇਵੀ ਅਤੇ ਮਹਬਿੂਬ ਅਲੀ ਕੈਸਰ ਸ਼ਾਮਲ ਹਨ ਜੋ ਚਿਰਾਗ ਦੇ ਕੰਮ ਕਰਨ ਦੇ ਤਰੀਕੇ ਤੋਂ ਨਾਖੁਸ਼ ਹਨ।
-ਏਜੰਸੀ