ਨਵੀਂ ਦਿੱਲੀ, 25 ਜੂਨ
ਭਾਰਤ ਨੇ ਅੱਜ ਕਿਹਾ ਕਿ ਐੱਫਏਟੀਐੱਫ ਦੇ ਪਾਕਿਸਤਾਨ ਨੂੰ ‘ਗ੍ਰੇਅ ਸੂਚੀ’ ਰੱਖਣ ਦੇ ਫ਼ੈਸਲੇ ਨੇ ਭਾਰਤ ਦੇ ਇਸ ਰੁਖ਼ ’ਤੇ ਮੋਹਰ ਲਾਈ ਹੈ ਕਿ ਉਸ ਨੇ ਆਪਣੀ ਧਰਤੀ ’ਤੇ ਅਤਿਵਾਦੀ ਨੈੱਟਵਰਕ ਖ਼ਿਲਾਫ਼ ਢੁੱਕਵੀਂ ਕਾਰਵਾਈ ਨਹੀਂ ਕੀਤੀ। ਵਿਦੇਸ਼ ਵਿਭਾਗ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਇਹ ਭਾਰਤ ਦੇ ਉਸ ਮੱਤ ਦੀ ਪੈਰਵੀ ਕਰਦਾ ਹੈ ਕਿ ਪਾਕਿਸਤਾਨ ਨੇ ਅਤਿਵਾਦੀਆਂ ਜਥੇਬੰਦੀਆਂ ਖ਼ਿਲਾਫ਼ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਅਤਿਵਾਦੀ ਫੰਡਿੰਗ ’ਤੇ ਨਜ਼ਰ ਰੱਖਣ ਵਾਲੀ ਆਲਮੀ ਸੰਸਥਾ ਐੱਫਏਟੀਐੱਫ ਨੇ ਬੀਤੇ ਦਿਨ ਕਿਹਾ ਸੀ ਕਿ ਪਾਕਿਸਤਾਨ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਨੂੰ ਮਿਲਦੀ ਅਤਿਵਾਦੀ ਫੰਡਿੰਗ ਰੋਕਣ ’ਚ ਨਾਕਾਮ ਰਿਹਾ ਹੈ ਜਿਸ ਕਾਰਨ ਉਸ ਨੂੰ ਗ੍ਰੇਅ ਸੂਚੀ ਵਿੱਚ ਹੀ ਰੱਖਿਆ ਜਾ ਰਿਹਾ ਹੈ।
ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸਲਾਮਿਕ ਸਹਿਯੋਗ ਬਾਰੇ ਜਥੇਬੰਦੀ (ਓਆਈਸੀ) ਨੂੰ ਭਾਰਤ ਦੇ ਅੰਦਰੂਨੀ ਮਸਲਿਆਂ ’ਚ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੋਮਵਾਰ ਨੂੰ ਓਆਈਸੀ ਨੂੰ ਬੇਨਤੀ ਕੀਤੀ ਸੀ ਕਿ ਉਹ ਕਸ਼ਮੀਰ ਮਸਲੇ ਦੇ ਹੱਲ ਲਈ ‘ਆਪਣੀਆਂ ਕੋਸ਼ਿਸ਼ਾਂ’ ਨੂੰ ਤੇਜ਼ ਕਰੇ। ਓਆਈਸੀ ਨਾਲ ਸਬੰਧਤ ਸਮੂਹ ’ਚ ਕਸ਼ਮੀਰ ਬਾਰੇ ਹੋਈ ਇਸ ਚਰਚਾ ਬਾਰੇ ਪੁੱਛਣ ’ਤੇ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵਾ ਨੇ ਕਿਹਾ, ‘ਸਾਡਾ ਸਟੈਂਡ ਬਿਲਕੁਲ ਸਪਸ਼ਟ ਹੈ। ਓਆਈਸੀ ਨੂੰ ਜੰਮੂ ਤੇ ਕਸ਼ਮੀਰ ਸਮੇਤ ਭਾਰਤ ਦੇ ਕਿਸੇ ਵੀ ਅੰਦਰੂਨੀ ਮਸਲੇ ’ਚ ਦਖ਼ਲ ਦਾ ਕੋਈ ਹੱਕ ਨਹੀਂ।’ -ਪੀਟੀਆਈ