ਨਵੀਂ ਦਿੱਲੀ, 11 ਅਪਰੈਲ
ਕਾਲੇ ਧਨ ਨੂੰ ਸਫੈਦ ਕਰਨ ਤੇ ਅਤਿਵਾਦ ਨੂੰ ਫੰਡਿੰਗ ਦੇਣ ਖ਼ਿਲਾਫ਼ ਸੰਸਾਰ ਪੱਧਰ ਦੀ ਅਥਾਰਿਟੀ ‘ਐਫਏਟੀਐਫ’ ਦਾ ਇਸ ਸਾਲ ਭਾਰਤ ਵਿਚ ਅਜਿਹੇ ਆਰਥਿਕ ਅਪਰਾਧਾਂ ਨਾਲ ਨਜਿੱਠਣ ਲਈ ਸਥਾਪਿਤ ਤੰਤਰਾਂ ਦਾ ਮੁਲਾਂਕਣ ਕਰਨ ਦੀ ਉਮੀਦ ਹੈ। ਮੁਲਾਂਕਣ ਐਫਏਟੀਐਫ ਦੀ ਨਿਯਮਿਤ ਪ੍ਰਕਿਰਿਆ ਹੈ ਤੇ ਕ੍ਰਮਵਾਰ ਸੰਸਾਰ ਪੱਧਰ ਦੀ ਇਸ ਟਾਸਕ ਫੋਰਸ ਵੱਲੋਂ ਹਰ ਮੈਂਬਰ ਦੇਸ਼ ਦਾ ਇਹ ਮੁਲਾਂਕਣ ਕੀਤਾ ਜਾਂਦਾ ਹੈ। ਇਸ ਬਾਰੇ ਜਾਣਕਾਰੀ ਰੱਖਣ ਵਾਲੇ ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਆਰਥਿਕ ਅਪਰਾਧਾਂ ਖ਼ਿਲਾਫ਼ ਭਾਰਤ ਦੇ ਸਥਾਪਿਤ ਤੰਤਰ ਦਾ ਐਫਏਟੀਐਫ ਵੱਲੋਂ ਇਸ ਸਾਲ ਮੁਲਾਂਕਣ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਦੇਸ਼ ਦੀ ਕਾਲੇ ਧਨ ਵਿਰੋਧੀ ਵਿਵਸਥਾ ਤੇ ਆਰਥਿਕ ਅਪਰਾਧ ਰੋਕਣ ਲਈ ਕਾਨੂੰਨੀ ਬਦਲਾਂ ਦੇ ਤਜਵੀਜ਼ਤ ਮੁਲਾਂਕਣ ਲਈ ਜ਼ਮੀਨੀ ਤਿਆਰੀ ਪੂਰੀ ਕਰਨ ਲਈ ਜੰਮੂ ਕਸ਼ਮੀਰ ਤੇ ਪੰਜਾਬ ਤੋਂ ਆਈਜੀ ਪੱਧਰ ਦੇ ਇਕ-ਇਕ ਅਧਿਕਾਰੀ ਨੂੰ ਨਾਮਜ਼ਦ ਕਰਨ ਲਈ ਕਿਹਾ ਹੈ ਜਦਕਿ ਗੁਜਰਾਤ ਤੋਂ ਵੀ ਇਕ ਅਧਿਕਾਰੀ ਨਾਮਜ਼ਦ ਕੀਤਾ ਜਾਵੇਗਾ। ਇਸ ਕੰਮ ਲਈ ਚੁਣੇ ਗਏ ਆਈਪੀਐੱਸ ਅਧਿਕਾਰੀਆਂ ਨੂੰ ਇਸ ਵਿਸ਼ੇ ’ਤੇ ਮੁਹਾਰਤ ਹੋਣੀ ਚਾਹੀਦੀ ਹੈ। ਗ੍ਰਹਿ ਮੰਤਰਾਲੇ ਤਹਿਤ ਆਉਣ ਵਾਲਾ ਖੁਫੀਆ ਬਿਊਰੋ ਤੇ ਵਿੱਤ ਮੰਤਰਾਲਾ ਇਸ ਪ੍ਰਕਿਰਿਆ ਦਾ ਤਾਲਮੇਲ ਬਿਠਾਉਣਗੇ। ਈਡੀ ਤੇ ਐਨਆਈਏ ਦੇ ਅਧਿਕਾਰੀ ਵੀ ਭਾਰਤੀ ਦਲ ਦਾ ਹਿੱਸਾ ਹੋਣਗੇ। ਐਫਏਟੀਐਫ ਦੇ ਏਸ਼ੀਆ ਪ੍ਰਸ਼ਾਂਤ ਸਮੂਹ ਦੁਆਰਾ ਮੁਲਾਂਕਣ ਕੀਤਾ ਜਾਵੇਗਾ। -ਪੀਟੀਆਈ