ਨਵੀਂ ਦਿੱਲੀ: ਨੈਸ਼ਨਲ ਕਾਨਫਰੰਸ (ਐਨਸੀ) ਪ੍ਰਧਾਨ ਫਾਰੂਕ ਅਬਦੁੱਲਾ ਜੋ ਕਿ ਗੁਪਕਾਰ ਗੱਠਜੋੜ ਦੇ ਚੇਅਰਮੈਨ ਵੀ ਹਨ, ਨੇ ਅੱਜ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਨਵੇਂ ਗੱਠਜੋੜ ਵਿਚ ਸ਼ਾਮਲ ਧਿਰਾਂ ਨਾਲ ਰਲ ਕੇ ਲੜ ਸਕਦੀ ਹੈ ਤਾਂ ਕਿ ‘ਫ਼ਿਰਕੂ ਤਾਕਤਾਂ’ ਨੂੰ ਹਰਾਇਆ ਜਾ ਸਕੇ। ਕਸ਼ਮੀਰ ਦੀ ਸਥਿਤੀ ਬਾਰੇ ਗੱਲ ਕਰਦਿਆਂ ਅਬਦੁੱਲਾ ਨੇ ਦਾਅਵਾ ਕੀਤਾ ਕਿ ਇਹ ਨੱਬੇ ਦੇ ਦਹਾਕੇ ਨਾਲੋਂ ਵੀ ਮਾੜੀ ਹੋ ਗਈ ਹੈ ਜਦ ਜੰਮੂ ਕਸ਼ਮੀਰ ਵਿਚ ਅਤਿਵਾਦ ਸ਼ੁਰੂ ਹੋਇਆ। ਨੌਜਵਾਨਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਲਈ ਆਧੁਨਿਕ ਭਾਰਤ ਵਿਚ ਕੋਈ ਥਾਂ ਨਹੀਂ ਹੈ ਤੇ ਦਿੱਲੀ ਦੀ ਸਰਕਾਰ ਵਿਚ ਉਨ੍ਹਾਂ ਦਾ ਭਰੋਸਾ ਨਹੀਂ ਰਿਹਾ। ਅਬਦੁੱਲਾ ਨੇ ਕਿਹਾ, ‘ਮੈਨੂੰ ਪੂਰਾ ਯਕੀਨ ਹੈ ਕਿ ਜਦ ਚੋਣਾਂ ਹੋਣਗੀਆਂ, ਅਸੀਂ ਇਕੱਠੇ ਹੋ ਕੇ ਬੈਠਾਂਗੇ ਤੇ ਵੰਡਪਾਊ ਤੇ ਫ਼ਿਰਕੂ ਤਾਕਤਾਂ ਨੂੰ ਹਰਾ ਦਿਆਂਗੇ।’ ਗੁਪਕਾਰ ਗੱਠਜੋੜ ਵਿਚ ਐਨਸੀ ਤੋਂ ਇਲਾਵਾ ਪੀਡੀਪੀ, ਸੀਪੀਐਮ, ਅਵਾਮੀ ਨੈਸ਼ਨਲ ਲੀਗ ਤੇ ਪੀਪਲਜ਼ ਮੂਵਮੈਂਟ ਸ਼ਾਮਲ ਹੈ। ਇਸ ਗੱਠਜੋੜ ਵੱਲੋਂ ਕਸ਼ਮੀਰ ਦਾ ਵਿਸ਼ੇਸ਼ ਤੇ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਹਾਲ ਹੀ ਵਿਚ ਬੈਠਕ ਕੀਤੀ ਹੈ ਤੇ ਹੱਦਬੰਦੀ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੀ ਨਿਖੇਧੀ ਕੀਤੀ ਗਈ ਹੈ। ਫਾਰੂਕ ਨੇ ਸਵਾਲ ਕੀਤਾ ਕਿ ਸਰਕਾਰ ਕਸ਼ਮੀਰੀ ਪੰਡਿਤਾਂ ਤੇ ਸਿੱਖਾਂ ਦੇ ਗਰੁੱਪਾਂ ਨਾਲ ਕਿਵੇਂ ਨਜਿੱਠੇਗੀ ਜੋ ਕਿ ਰਾਜਨੀਤਕ ਪੱਧਰ ਉਤੇ ਰਾਖ਼ਵਾਂਕਰਨ ਮੰਗ ਰਹੇ ਹਨ। ਅਬਦੁੱਲਾ ਨੇ ਕਿਹਾ ਕਿ ਅੱਜ ਹਰ ਮੁਸਲਮਾਨ, ਭਾਵੇਂ ਉਹ ਕਸ਼ਮੀਰ ਵਿਚ ਹੋਵੇ ਜਾਂ ਭਾਰਤ ਵਿਚ ਕਿਤੇ ਹੋਰ, ਉਸ ਨੂੰ ‘ਲਗਾਤਾਰ ਸਾਬਿਤ ਕਰਨਾ ਪੈ ਰਿਹਾ ਹੈ’ ਕਿ ਉਹ ਰਾਸ਼ਟਰਵਾਦੀ ਹੈ। ਜਦਕਿ ਉਸ ਦੇ ਭਾਈਚਾਰੇ ਨੇ ਵੀ ਇਸ ਦੇਸ਼ ਲਈ ਖ਼ੂਨ ਵਹਾਇਆ ਹੈ। ਅਬਦੁੱਲਾ ਨੇ ਕਿਹਾ ਕਿ ਜੇਕੇ ਬੈਂਕ ਵਿਚ ਨਿਯੁਕਤੀਆਂ ਪੰਜਾਬ ਤੇ ਹਰਿਆਣਾ ਤੋਂ ਹੋ ਰਹੀਆਂ ਹਨ, ਜੰਮੂ ਕਸ਼ਮੀਰ ਦੇ ਲੋਕ ਕਿੱਥੇ ਜਾਣ। ਉਨ੍ਹਾਂ ਨੂੰ ਛੋਟੇ ਜਿਹੇ ਕਾਰਨਾਂ ਲਈ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। -ਪੀਟੀਆਈ