ਸ੍ਰੀਨਗਰ, 14 ਫਰਵਰੀ
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਅੱਜ ਪੁਲਵਾਮਾ ਦਹਿਸ਼ਤੀ ਹਮਲੇ ਦੀ ਵਰ੍ਹੇਗੰਢ ਮੌਕੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਇੱਥੇ ਸਥਿਤ ਆਪਣੀ ਰਿਹਾਇਸ਼ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ ਗਿਆ, ਜਿਸ ’ਤੇ ਉਨ੍ਹਾਂ ਸਖ਼ਤ ਰੋਸ ਪ੍ਰਗਟਾਇਆ। ਨੈਸ਼ਨਲ ਕਾਨਫਰੰਸ ਵਿਚਲੇ ਸੂਤਰਾਂ ਮੁਤਾਬਕ ਸ੍ਰੀ ਅਬਦੁੱਲਾ ਨੇ ਸੜਕ ਰਸਤੇ ਰਾਹੀਂ ਜੰਮੂ ਜਾਣਾ ਸੀ, ਜੋ ਇੱਥੋਂ ਲਗਪਗ 300 ਕਿਲੋਮੀਟਰ ਦੂਰ ਹੈ। ਇਸ ਸਬੰਧੀ ਜਾਣਕਾਰੀ ਅਧਿਕਾਰੀਆਂ ਨੂੰ ਪੰਜ ਦਿਨ ਪਹਿਲਾਂ ਦੱਸ ਦਿੱਤੀ ਗਈ ਸੀ, ਪਰ ਇਸ ਤੋਂ ਉਲਟ ਸ੍ਰੀ ਅਬਦੁੱਲਾ ਨੇ ਅੱਜ ਵੇਖਿਆ ਕਿ ਉਨ੍ਹਾਂ ਦੇ ਘਰ ਤੋਂ ਬਾਹਰ ਜਾਣ ਵਾਲੇ ਰਸਤੇ ਬੰਦ ਸਨ। ਇਸੇ ਦੌਰਾਨ ਦੁਪਹਿਰ ਸਮੇਂ ਸ੍ਰੀ ਅਬਦੁੱਲਾ ਕਿਸੇ ਤਰ੍ਹਾਂ ਘਰੋਂ ਬਾਹਰ ਨਿਕਲਣ ’ਚ ਕਾਮਯਾਬ ਹੋ ਗਏ ਕਿ ਇਸ ਦੌਰਾਨ ਸੁਰੱਖਿਆ ਮੁਲਾਜ਼ਮਾਂ ਦੀ ਇੱਕ ਟੀਮ ਨੇ ਉਨ੍ਹਾਂ ਨੂੰ ਪੁਲੀਸ ਦੀ ਗੱਡੀ ’ਚ ਬੈਠ ਕੇ ਘਰ ਵਾਪਸ ਜਾਣ ਲਈ ਆਖ ਦਿੱਤਾ। ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਪੁਲਵਾਮਾ ਹਮਲੇ ਦੀ ਵਰ੍ਹੇਗੰਢ ਮੌਕੇ ਕਿਸੇ ਵੀ ਵੀਆਈਪੀ ਨੂੰ ਆਉਣ-ਜਾਣ ਤੋਂ ਗੁਰੇਜ਼ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। -ਪੀਟੀਆਈ