ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਅਗਸਤ
ਕਿਸਾਨ ਸੰਸਦ ਨੇ ਅੱਜ ਤਿੰਨ ਖੇਤੀ ਕਾਨੂੰਨਾਂ ਦੇ ਨਾਲ ਨਾਲ ਹਵਾ ਪ੍ਰਦੂਸ਼ਣ ਤੇ ਬਿਜਲੀ ਬਾਰੇ ਪ੍ਰਸਤਾਵਿਤ ਬਿੱਲ ਵਿਰੁੱਧ ਮਤਾ ਪਾਸ ਕਰਨ ਤੋਂ ਬਾਅਦ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਮੋੜਿਆ। ਇਸ ਸਬੰਧੀ ਅੱਜ ਕਿਸਾਨ ਸੰਸਦ ’ਚ ਇੱਕ ਬਿੱਲ ਪੇਸ਼ ਕੀਤਾ ਗਿਆ, ਜੋ ਪੰਜ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਪੰਜ ਉਦੇਸ਼ਾਂ ਵਿੱਚ ਲਾਗਤ ਅਨੁਮਾਨਾਂ ’ਚ ਸੁਧਾਰ ਕਰਨਾ, ਇਹ ਸੁਨਿਸ਼ਚਿਤ ਕਰਨਾ ਕਿ ਐੱਮਐੱਸਪੀ ਫਾਰਮੂਲਾ ਉਤਪਾਦਨ ਦੀ ਲਾਗਤ ਤੋਂ ਘੱਟੋ ਘੱਟ 50 ਫ਼ੀਸਦੀ ਨਿਰਧਾਰਤ ਕੀਤਾ ਗਿਆ ਹੈ, ਸਰਕਾਰ ਦੁਆਰਾ 50 ਫ਼ੀਸਦੀ ਖਰੀਦ ਗਾਰੰਟੀ ਨਾਲ ਕੰਮ ਕਰਨਾ, ਸਰਕਾਰ ਵੱਲੋਂ ਬਿਹਤਰ ਮਾਰਕੀਟ ਦਖ਼ਲਅੰਦਾਜ਼ੀ ਤੇ ਇਹ ਸੁਨਿਸ਼ਚਿਤ ਕਰਨਾ ਕਿ ਵਪਾਰੀਆਂ ਵੱਲੋਂ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਅਦਾ ਕਰਨ ਦੀ ਲੋੜ ਹੈ, ਸ਼ਾਮਲ ਹਨ। ਵੱਖ ਵੱਖ ਮੁੱਦਿਆਂ ’ਤੇ ਭਲਕੇ ਵੀ ਬਹਿਸ ਜਾਰੀ ਰਹੇਗੀ ਤੇ ਆਉਂਦੇ ਸ਼ੁੱਕਰਵਾਰ ਨੂੰ ਕਿਸਾਨ ਸੰਸਦ ਸਰਕਾਰ ਖ਼ਿਲਾਫ਼ ਅਵਿਸ਼ਵਾਸ ਮਤਾ ਲਿਆਵੇਗੀ।
ਸੰਯੁਕਤ ਕਿਸਾਨ ਮੋਰਚੇ ਦੀ ਜਨਰਲ ਅਸੈਂਬਲੀ ਨੇ 15 ਅਗਸਤ ਨੂੰ ਦੇਸ਼ ਭਰ ਵਿੱਚ ‘ਕਿਸਾਨ-ਮਜ਼ਦੂਰ ਆਜ਼ਾਦੀ ਸੰਗਰਾਮ’ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨ 15 ਅਗਸਤ ਤੱਕ ਸਰਕਾਰੀ ਝੰਡਾ ਲਹਿਰਾਉਣ ਦੀ ਰਸਮ ਜਾਂ ਰਾਸ਼ਟਰੀ ਝੰਡੇ ਨਾਲ ਕਿਸੇ ਵੀ ਮਾਰਚ ਦਾ ਵਿਰੋਧ ਨਹੀਂ ਕਰਨਗੇ। ਸੰਯੁਕਤ ਕਿਸਾਨ ਮੋਰਚੇ ਨੇ 10 ਅਗਸਤ ਨੂੰ ਸਾਰੇ ਧਰਨਾ ਸਥਾਨਾਂ ’ਤੇ ਤੀਆਂ ਮਨਾਉਣ ਦਾ ਸੱਦਾ ਦਿੱਤਾ ਹੈ।