ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜੁਲਾਈ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀ ਟਿਕਰੀ ਹੱਦ ’ਤੇ ਚੱਲ ਰਹੇ ਅੰਦੋਲਨ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 26 ਜਨਵਰੀ ਦੀ ਘਟਨਾ ਮਗਰੋਂ ਕਿਸਾਨੀ ਸੰਘਰਸ਼ ਕੁਝ ਸਮਾਂ ਸੰਕਟ ਵਿੱਚੋਂ ਲੰਘਿਆ ਪਰ ਦੋ ਤਿੰਨ ਦਿਨਾਂ ਵਿੱਚ ਹੀ ਸੰਯੁਕਤ ਮੋਰਚੇ ਦੀ ਸੁਚੱਜੀ ਅਗਵਾਈ ਸਦਕਾ ਘੋਲ ਪਹਿਲਾਂ ਦੀ ਹਾਲਤ ਵਿੱਚ ਆ ਗਿਆ। ਭਾਵੇਂ ਸਰਕਾਰ ਨੇ ਹੁਣ ਤੱਕ ਜਥੇਬੰਦੀਆਂ ਨਾਲ ਅੱਗੇ ਗੱਲ ਤੋਰਨ ਲਈ ਕੋਈ ਰਾਹ ਨਹੀਂ ਕੱਢਿਆ ਪਰ ਕਿਸਾਨਾਂ ਦੇ ਬੁਲੰਦ ਹੌਸਲਿਆਂ ਨਾਲ ਪਿਛਲੇ ਛੇ ਮਹੀਨਿਆਂ ਦੌਰਾਨ ਵੱਖ ਵੱਖ ਕੀਤੇ ਐਕਸ਼ਨਾਂ ਸਦਕਾ ਕਿਸਾਨਾਂ ਆਗੂਆਂ ਨੇ ਕਿਸਾਨਾਂ ਨੂੰ ਡੋਲਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਦੀ ਅਗਵਾਈ ਕਬੂਲਦਿਆਂ 22 ਜੁਲਾਈ ਤੋਂ ਲਗਾਤਾਰ 13 ਅਗਸਤ ਤੱਕ ਚੱਲ ਰਹੇ ਪਾਰਲੀਮੈਂਟ ਮੌਨਸੂਨ ਸੈਸ਼ਨ ਦੌਰਾਨ ਦਿੱਲੀ ਦੇ ਜੰਤਰ-ਮੰਤਰ ਵਿੱਚ ਜਥੇ ਭੇਜਣ ਦੇ ਫ਼ੈਸਲੇ ਮੁਤਾਬਿਕ ਵੱਖ ਵੱਖ ਜਥੇਬੰਦੀਆਂ ਦੇ 200 ਕਿਸਾਨਾਂ ਦਾ ਜਥਾ ਅੱਜ ਸੰਸਦ ਵੱਲ ਗਿਆ ਤੇ ਆਪਣੀ ਵੱਖਰੀ ਸਟੇਜ ਲਗਾ ਕੇ ਸਰਕਾਰਾਂ ਦੇ ਬਰਾਬਰ ਸੈਸ਼ਨ ਚਲਾਇਆ। ਇਸ ਐਕਸ਼ਨ ’ਤੇ ਦੁਨੀਆ ਭਰ ਦੇ ਮੀਡੀਆ ਅਤੇ ਬੁੱਧੀਜੀਵੀ ਤਬਕਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭਾਜਪਾ ਦਾ ਖ਼ਾਤਮਾ ਅਟੱਲ ਹੈ। ਸ੍ਰੀ ਉਗਰਾਹਾਂ ਨੇ ਕਿਹਾ ਕਿ 26 ਜੁਲਾਈ ਨੂੰ ਬੀਬੀਆਂ ਦਾ ਜੱਥਾ ਸੰਸਦ ਵੱਲ ਕੂਚ ਕਰੇਗਾ। ਅੰਦੋਲਨ ਨੂੰ ਮਨਜੀਤ ਸਿੰਘ ਘਰਾਚੋਂ, ਬਿੱਟੂ ਮੱਲਣ ਅਤੇ ਜਸਵਿੰਦਰ ਬਰਾਸ ਪਟਿਆਲਾ ਨੇ ਵੀ ਸੰਬੋਧਨ ਕੀਤਾ।