ਪ੍ਰਭੂ ਦਿਆਲ
ਸਿਰਸਾ, 15 ਦਸੰਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਭਾਵਦੀਨ ਟੌਲ ਪਲਾਜ਼ੇ ਨੂੰ ਪਰਚੀ ਮੁਕਤ ਕਰਕੇ ਦਿੱਤਾ ਜਾ ਰਿਹਾ ਧਰਨਾ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣ ਮਗਰੋਂ ਸਮਾਪਤ ਕਰ ਦਿੱਤਾ ਗਿਆ ਹੈ। ਅੱਜ ਤੋਂ ਫਿਰ ਵਾਹਨ ਚਾਲਕਾਂ ਨੂੰ ਟੌਲ ਟੈਕਸ ਦੇਣਾ ਪਵੇਗਾ। ਟੌਲ ਟੈਕਸ ਭਰਨ ਲਈ ਵਾਹਨ ਚਾਲਕਾਂ ਨੇ ਆਪਣੇ ਵਾਹਨਾਂ ’ਤੇ ਮੁੜ ਫਾਸਟ ਟੈਗ ਲਾਉਣੇ ਸ਼ੁਰੂ ਕਰ ਦਿੱਤੇ ਹਨ। ਟੌਲ ਪਲਾਜ਼ੇ ਤੇ ਧਰਨ 25 ਦਸੰਬਰ 2020 ਚੱਲ ਰਿਹਾ ਸੀ। ਇਸੇ ਦੌਰਾਨ ਟੌਲ ਟੈਕਸ ਭਰਨ ਵਾਲੇ ਵਾਹਨ ਡਰਾਈਵਰ ਜਿਥੇ ਮੁੜ ਟੈਕਸ ਸ਼ੁਰੂ ਹੋਣ ਤੋਂ ਖ਼ਫ਼ਾ ਨਜ਼ਰ ਆਏ ਉਥੇ ਹੀ ਖੇਤੀ ਕਾਨੂੰਨ ਰੱਦ ਹੋਣ ਦੀ ਉਨ੍ਹਾਂ ਨੇ ਖੁਸ਼ੀ ਦਾ ਵੀ ਪ੍ਰਗਟਾਵਾ ਕੀਤਾ। ਰੋਜ਼ਾਨਾ ਸਫ਼ਰ ਕਰਨ ਵਾਲੇ ਇਕ ਵਾਹਨ ਡਰਾਈਵਰ ਨੇ ਆਪਣੀ ਪ੍ਰਤੀਕਿ੍ਰਆ ਪ੍ਰਗਟ ਕਰਦਿਆਂ ਕਿਹਾ ਕਿ ਸਾਰੇ ਲੋਕਾਂ ਨੂੰ ਮੁੜ ਤੋਂ ਇਕੱਠਾ ਹੋ ਕੇ ਟੌਲ ਪਲਾਜਿਆਂ ’ਤੇ ਧਰਨੇ ਦੇ ਕੇ ਟੌਲ ਟੈਕਸ ਨੂੰ ਸਮਾਪਤ ਕਰਵਾਉਣਾ ਚਾਹੀਦਾ ਹੈ। ਪਿੰਡ ਸਿਕੰਦਰਪੁਰ ਦੇ ਸਾਬਕਾ ਸਰਪੰਚ ਰਾਮ ਚੰਦ ਢੋਟ ਨੇ ਦੱਸਿਆ ਹੈ ਕਿ ਕਰੀਬ ਇਕ ਸਾਲ ਕਿਸਾਨਾਂ ਵੱਲੋਂ ਟੌਲ ਪਲਾਜ਼ੇ ’ਤੇ ਨਾ ਸਿਰਫ ਧਰਨਾ ਦੇ ਕੇ ਇਸ ਨੂੰ ਪਰਚੀ ਮੁਕਤ ਰੱਖਿਆ ਗਿਆ ਬਲਕਿ ਇਥੇ ਧਰਨਾ ਦੇਣ ਵਾਲਿਆਂ ਤੋਂ ਇਲਾਵਾ ਆਉਣ ਜਾਣ ਵਾਲੇ ਵਾਹਨ ਚਾਲਕਾਂ ਲਈ ਵੀ ਲੰਗਰ ਦਿਨ ਰਾਤ ਚਲਦਾ ਰਿਹਾ ਹੈ। ਭਾਵਦੀਨ ਤੋਂ ਇਲਾਵਾ ਸੁਚਾਨ, ਸਿਕੰਦਰਪੁਰ, ਬਾਜੇਕਾਂ, ਵੈਦਵਾਲਾ, ਢਾਣੀ ਰਾਮਪੁਰਾ, ਰਸੂਲਪੁਰ, ਖਾਜਾਖੇੜਾ ਆਦਿ ਸਮੇਤ ਦੇ ਅਨੇਕ ਪਿੰਡਾਂ ਦੇ ਕਿਸਾਨਾਂ ਨੇ ਧਰਨਾ ਦਿੱਤਾ ਤੇ ਲੰਗਰ ਦੀ ਸੇਵਾ ਨਿਭਾਈ ਹੈ।