ਟੋਹਾਣਾ (ਗੁਰਦੀਪ ਸਿੰਘ ਭੱਟੀ): ਫ਼ਤਿਹਾਬਾਦ ਵਿਚ ਦਿੱਲੀ-ਸਿਰਸਾ ਕੌਮੀ ਮਾਰਗ ਨੰਬਰ-9 ’ਤੇ ਚੱਲ ਰਹੇ ਲੰਗਰ ਵਾਲੀ ਥਾਂ ’ਤੇ ਕਿਸਾਨ ਸੰਘਰਸ਼ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਲੰਘੀ ਰਾਤ 12 ਵਜੇ ਪੁੱਜੇ। ਇਸ ਮੌਕੇ ਕਿਸਾਨਾਂ ਨਾਲ ਕੀਤੀ ਸੰਖੇਪ ਮੁਲਾਕਾਤ ਦੌਰਾਨ ਸ੍ਰੀ ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਭਾਜਪਾ ਸਰਕਾਰ ਦੇ ਖਾਤਮੇ ਦੇ ਨਾਲ ਹੀ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਕੇਂਦਰ ਸਰਦਾਰ ਵੱਲੋਂ ਕਰੋਨਾ ਦਾ ਡਰ ਪੈਦਾ ਕੀਤਾ ਜਾ ਰਿਹਾ ਹੈ ਜਦੋਂਕਿ ਭਾਜਪਾ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ਸਬੰਧੀ ਕੇਂਦਰ ਸਰਕਾਰ ਚੁੱਪ ਧਾਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਿਸਾਨ ਅੰਦੋਲਨ ਕਰ ਕੇ ਨਹੀਂ, ਸਗੋਂ ਭਾਜਪਾ ਦੀਆਂ ਚੋਣ ਰੈਲੀਆਂ ਕਰ ਕੇ ਫੈਲ ਰਿਹਾ ਹੈ। ਕਿਸਾਨ ਆਗੂ ਸੰਦੀਪ ਕਾਜਲਾ ਨੇ ਰਾਕੇਸ਼ ਟਿਕੈਤ ਦਾ ਸਵਾਗਤ ਕਰਦਿਆਂ ਕਿਸਾਨੀ ਦਾ ਝੰਡਾ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਦੌਰਾਨ ਸ੍ਰੀ ਟਿਕੈਤ ਨੇ ਕਿਸਾਨਾਂ ਨਾਲ ਬੈਠ ਕੇ ਲੰਗਰ ਛਕਿਆ ਤੇ ਕਿਸਾਨੀ ਅੰਦੋਲਨ ਨੂੰ ਕਾਨੂੰਨ ਵਾਪਸੀ ਤੱਕ ਜਾਰੀ ਰੱਖਣ ਅਤੇ ਏਕਤਾ ਬਣਾਈ ਰੱਖਣ ਲਈ ਪ੍ਰੇਰਿਆ। ਸ੍ਰੀ ਟਿਕੈਤ ਨੇ ਇੱਥੋਂ ਦੇ ਕਿਸਾਨ ਆਗੂਆਂ ਰਵਿੰਦਰ ਕਸਵਾਂ, ਬੰਸੀਲਾ ਸਿਹਾਗ, ਸਰਪੰਚ ਅੰਗਰੇਜ਼ ਸਿੰਘ, ਸ਼ੇਰ ਸਿੰਘ ਗਿੱਲ ਤੇ ਚੇਅਰਮੈਨ ਗੁਰਜੰਟ ਸਿੰਘ ਆਦਿ ਨਾਲ ਮੀਟਿੰਗ ਕਰ ਕੇ ਭਵਿੱਖ ਵਿਚ ਵੀ ਕਿਸਾਨ ਅੰਦੋਲਨ ਨੂੰ ਜਾਰੀ ਰੱਖਣ ਬਾਰੇ ਜਾਣਕਾਰੀ ਦਿੱਤੀ ਅਤੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਦੀ ਚੜ੍ਹਦੀ ਕਲਾ ਬਾਰੇ ਦੱਸਿਆ।