ਲਖੀਮਪੁਰ ਖੀਰੀ, 19 ਅਗਸਤ
ਮੁੱਖ ਅੰਸ਼
- ਕੇਂਦਰੀ ਮੰਤਰੀ ਅਜੈ ਮਿਸ਼ਰਾ ਖ਼ਿਲਾਫ਼ ਧਾਰਾ 120 ਬੀ ਤਹਿਤ ਕੇਸ ਦਰਜ ਕਰਨ ਦੀ ਕੀਤੀ ਮੰਗ
- ਯੂਪੀ ਅਤੇ ਉੱਤਰਾਖੰਡ ’ਚ ਸਿੱਖਾਂ ਦੀਆਂ ਜ਼ਮੀਨਾਂ ਖੋਹਣ ਦੀ ਸਾਜ਼ਿਸ਼ ਦਾ ਕੀਤਾ ਦਾਅਵਾ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਦੇਸ਼ਿਵਆਪੀ ਪ੍ਰਦਰਸ਼ਨ ਲਈ ਤਿਆਰ ਰਹਿਣ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਇਥੇ ਕਿਸਾਨਾਂ ਵੱਲੋਂ ਤਿੰਨ ਰੋਜ਼ਾ ਧਰਨਾ ਦਿੱਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਅਜੈ ਮਿਸ਼ਰਾ ਦੀ ਬਰਖ਼ਾਸਤਗੀ ਅਤੇ ਲਖੀਮਪੁਰ ਖੀਰੀ ਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਸਮੇਤ ਹੋਰ ਮੰਗਾਂ ਲਈ ਕਿਸਾਨ ਅੱਜ ਵੀ ਧਰਨੇ ’ਤੇ ਡਟੇ ਰਹੇ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਮੋਰਚੇ ਨੂੰ ਮਜ਼ਬੂਤ ਕਰਨ ਲਈ ਆਖਦਿਆਂ ਕਿਹਾ ਕਿ ਦੇਸ਼ਿਵਆਪੀ ਪ੍ਰਦਰਸ਼ਨ ਦੇ ਸਮੇਂ, ਥਾਂ ਅਤੇ ਸਥਿਤੀ ਦੀ ਜਾਣਕਾਰੀ ਉਨ੍ਹਾਂ ਨਾਲ ਛੇਤੀ ਹੀ ਸਾਂਝੀ ਕੀਤੀ ਜਾਵੇਗੀ। ਧਰਨੇ ’ਚ ਬੀਕੇਯੂ (ਚੜੂਨੀ) ਧੜੇ ਦੇ ਨੁਮਾਇੰਦੇ ਵੀ ਪਹੁੰਚੇ, ਜੋ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਹਨ ਪਰ ਉਨ੍ਹਾਂ ਪ੍ਰਦਰਸ਼ਨ ’ਚ ਇਕਜੁੱਟਤਾ ਦਾ ਮੁਜ਼ਾਹਰਾ ਕੀਤਾ। ਟਿਕੈਤ ਨੇ ਕਿਹਾ,‘‘ਜੇਕਰ ਸੰਯੁਕਤ ਕਿਸਾਨ ਮੋਰਚਾ ਕਮਜ਼ੋਰ ਹੋਇਆ ਤਾਂ ਸਰਕਾਰਾਂ ਕਿਸਾਨਾਂ ਨੂੰ ਦਬਾਅ ਲੈਣਗੀਆਂ।’’ ਕੇਂਦਰੀ ਮੰਤਰੀ ਮਿਸ਼ਰਾ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪੂਰਾ ਮੁਲਕ ਤਿਕੁਨੀਆ ਹਿੰਸਾ ਤੋਂ ਜਾਣੂ ਹੈ ਅਤੇ ਲੋਕ ਭਲੀ-ਭਾਂਤ ਜਾਣਦੇ ਹਨ ਕਿ ਕਿਸਾਨਾਂ ਨੂੰ ਦਰੜਨ ਦੀ ਘਟਨਾ ਦਾ ਮੁੱਖ ਸਾਜ਼ਿਸ਼ਕਾਰ ਕੌਣ ਹੈ। ‘ਕਿੰਨੀ ਮਾੜੀ ਗੱਲ ਹੈ ਕਿ ਮੰਤਰੀ ਅਜੇ ਵੀ ਅਹੁਦੇ ’ਤੇ ਬਣਿਆ ਹੋਇਆ ਹੈ।’ ਉਨ੍ਹਾਂ ਕਿਹਾ ਕਿ ਮੰਤਰੀ ਖ਼ਿਲਾਫ਼ ਧਾਰਾ 120ਬੀ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ‘ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਨ ਤੋਂ ਇਲਾਵਾ ਜੇਲ੍ਹਾਂ ’ਚ ਬੰਦ ਬੇਕਸੂਰ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ, ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ, ਬਿਜਲੀ ਸੋਧ ਬਿੱਲ 2022 ਵਾਪਸ ਲਿਆ ਜਾਵੇ, ਗੰਨੇ ਦੀ ਬਕਾਇਆ ਰਕਮ ਅਦਾ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਜਾਣ ਆਦਿ ਮੰਗਾਂ ਵੀ ਮੰਨੀਆਂ ਜਾਣ।’ ਸ੍ਰੀ ਟਿਕੈਤ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ’ਚ ਸਿੱਖਾਂ ਦੀਆਂ ਜ਼ਮੀਨਾਂ ਖੋਹਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਅਤੇ ਸੰਯੁਕਤ ਕਿਸਾਨ ਮੋਰਚਾ ਇਹ ਬੇਇਨਸਾਫ਼ੀ ਨਹੀਂ ਹੋਣ ਦੇਵੇਗਾ। ਉਨ੍ਹਾਂ ਐਲਾਨ ਕੀਤਾ ਕਿ ਮੋਰਚੇ ਦਾ 10 ਮੈਂਬਰੀ ਵਫ਼ਦ ਜੇਲ੍ਹ ’ਚ ਬੰਦ ਚਾਰ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਲਈ ਜਾ ਰਿਹਾ ਹੈ। ਧਰਨੇ ਵਾਲੀ ਥਾਂ ’ਤੇ ਸੀਤਾਪੁਰ ਤੋਂ ਆਈ ਕਿਸਾਨ ਸੰਘਰਸ਼ ਸਮਿਤੀ ਦੀਆਂ ਮਹਿਲਾ ਕਾਰਕੁਨਾਂ ਨੇ ਕਿਸਾਨੀ ਸੰਘਰਸ਼ ਨਾਲ ਜੁੜੀਆਂ ਕਵਿਤਾਵਾਂ ਪੇਸ਼ ਕੀਤੀਆਂ। -ਪੀਟੀਆਈ
ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ ਅੱਜ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕਿਸਾਨਾਂ ਵੱਲੋਂ ਲਖੀਮਪੁਰ ਖੀਰੀ ’ਚ ਭਲਕੇ 20 ਅਗਸਤ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਭਲਕੇ ਘਿਰਾਓ ਮਗਰੋਂ ਅੰਦੋਲਨ ਦੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਧਰਨੇ ਵਾਲੀ ਥਾਂ ਤੋਂ ਮਾਰਚ ਕੱਢਦੇ ਹੋਏ ਕਿਸਾਨ ਡੀਸੀ ਦਫ਼ਤਰ ਤੱਕ ਜਾਣਗੇ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਜਮਹੂਰੀ ਹੱਕ ਹੈ। ਅੱਜ ਸ਼ਾਮ 6 ਵਜੇ ਖਤਮ ਹੋਈ ਮੀਟਿੰਗ ਵਿੱਚ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਦਰਮਿਆਨ ਰੋਸ ਪ੍ਰਦਰਸ਼ਨ ਦੀ ਮਨਜ਼ੂਰੀ ਦੇਣ ਬਾਬਤ ਤਕਰਾਰ ਜਾਰੀ ਸੀ। ਪ੍ਰਸ਼ਾਸਨ ਪ੍ਰਦਰਸ਼ਨ ਦੀ ਇਜਾਜ਼ਤ ਨਾ ਦੇਣ ਦੇ ਆਪਣੇ ਰਵੱਈਏ ’ਤੇ ਅੜਿਆ ਹੋਇਆ ਹੈ। ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਕਿਸਾਨਾਂ ਨੂੰ ਧਰਨਾ ਦੇਣ ਤੋਂ ਰੋਕਣ ਲਈ ਬਜ਼ਿੱਦ ਹੈ। ਧਰਨੇ ਦੇ ਦੂਜੇ ਦਿਨ ਅੱਜ ਕਿਸਾਨ ਆਗੂਆਂ ਰਾਕੇਸ਼ ਟਿਕੈਤ, ਬਲਜਿੰਦਰ ਸਿੰਘ ਮਾਨ, ਰਾਜਬੀਰ ਸਿੰਘ, ਤੇਜਿੰਦਰ ਸਿੰਘ ਵਿਰਕ ਤੇ ਗੁਰਅਮਨੀਤ ਸਿੰਘ ਮਾਂਗਟ ਸਮੇਤ ਹੋਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ। ਐੱਸਪੀ ਸੰਜੀਵ ਸੁਮਨ ਮੁਤਾਬਕ ਮੰਡੀ ਵਿੱਚ ਮੋਰਚੇ ਵੱਲੋਂ ਦਿੱਤੇ ਜਾ ਰਹੇ ਧਰਨੇ ਕਾਰਨ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਘਰ ਦੀ ਸੁਰੱਖਿਆ ਵੀ ਵਧਾ ਦਿੱੱਤੀ ਗਈ ਹੈ।