ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜਨਵਰੀ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਮਕਸਦ ਤਹਿਤ ਕੱਲ੍ਹ ਰਾਤ ਕੇਂਦਰ ਸਰਕਾਰ ਦੀ ਸ਼ਹਿ ’ਤੇ ਗਾਜ਼ੀਪੁਰ ਬਾਰਡਰ ਉਪਰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਚੱਲ ਰਹੇ ਸ਼ਾਂਤਮਈ ਅੰਦੋਲਨ ਨੂੰ ਖ਼ਤਮ ਕਰਨ ਲਈ ਯੂਪੀ ਪੁਲੀਸ ਅਤੇ ਸਥਾਨਕ ਭਾਜਪਾ ਆਗੂਆਂ ਤੇ ਵਰਕਰਾਂ ਰਾਹੀਂ ਅੰਦੋਲਨ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਘੜੀ ਗਈ। ਉਨ੍ਹਾਂ ਕਿਹਾ ਕਿ ਪੁਲੀਸ ਜਾਣਬੁੱਝ ਕੇ ਕਿਸਾਨਾਂ ਅਤੇ ਭਾਜਪਾ ਵਰਕਰਾਂ ਨੂੰ ਆਪਸ ਵਿੱਚ ਲੜਾ ਕੇ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਤਾਂ ਜੋ ਧੱਕੇ ਨਾਲ ਧਰਨਾ ਖ਼ਤਮ ਕਰਵਾਇਆ ਜਾ ਸਕੇ। ਲੱਖੋਵਾਲ ਨੇ ਕਿਹਾ ਕਿ ਰਾਕੇਸ਼ ਟਿਕੈਤ ਨੇ ਬਹਾਦਰੀ ਨਾਲ ਪੁਲੀਸ ਦਾ ਡਟ ਕੇ ਸਾਹਮਣਾ ਕੀਤਾ ਅਤੇ ਉਨ੍ਹਾਂ ਦੀ ਭਾਵੁਕ ਅਪੀਲ ਦਾ ਲੋਕਾਂ ਉਪਰ ਐਨਾ ਅਸਰ ਹੋਇਆ ਕਿ ਲੱਖਾਂ ਲੋਕ ਗਾਜ਼ੀਪੁਰ ਬਾਰਡਰ ਵੱਲ ਵਹੀਰਾਂ ਘੱਤ ਕੇ ਪਹੁੰਚ ਗਏ। ਇਸੇ ਦਬਾਅ ਕਾਰਨ ਗਾਜ਼ੀਪੁਰ ਬਾਰਡਰ ਤੋਂ ਪੁਲੀਸ ਫੋਰਸ ਉਠਾਉਣੀ ਪੈ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਅੱਜ 500 ਕਿਸਾਨਾਂ ਦਾ ਜਥਾ ਵੀ ਗਾਜ਼ੀਪੁਰ ਬਾਰਡਰ ਪਹੁੰਚ ਗਿਆ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਦਿੱਲੀ ਕਿਸਾਨ ਮੋਰਚੇ ’ਚ ਆਪਣੀ ਹਾਜ਼ਰੀ ਲਵਾਉਣ।