ਅਜੈ ਬੈਨਰਜੀ
ਨਵੀਂ ਦਿੱਲੀ, 7 ਨਵੰਬਰ
ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਆਰਕੇ ਯਾਦਵ ਨੇ ਅੱਜ ਕਿਹਾ ਹੈ ਕਿ ਪੰਜਾਬ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਹਾਲੇ ਤੱਕ ਪੂਰੀ ਤਰ੍ਹਾਂ ਪਟੜੀਆਂ, ਪਲੇਟਫਾਰਮ ਅਤੇ ਸਟੇਸ਼ਨਾਂ ਦੇ ਨੇੜਲੇ ਇਲਾਕੇ ਖਾਲ੍ਹੀ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਰਾਜ ਵਿੱਚ ਇਸ ਤਰ੍ਹਾਂ ਦੀਆਂ 22 ਥਾਵਾਂ ਹਨ ਅਤੇ ਪੰਜਾਬ ਸਰਕਾਰ ਨੂੰ ਰੇਲ ਆਵਾਜਾਈ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਥਾਵਾਂ ਤੋਂ ਪ੍ਰਦਰਸ਼ਨ ਖਤਮ ਕਰਨ ਦੀ ਗਾਰੰਟੀ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਖਾਲੀ ਕੀਤੇ ਟਰੈਕਾਂ ਦਾ ਨਿਰੀਖਣ ਤੇ ਮੁਰੰਮਤ ਕੀਤੀ ਜਾ ਰਹੀ ਹੈ। ਨਾਕਾਬੰਦੀ ਕਾਰਨ ਜੰਮੂ-ਕਸ਼ਮੀਰ ਵਿੱਚ ਫੌਜ ਲਈ ਜ਼ਰੂਰੀ ਸਾਮਾਨ, ਕੋਲਾ ਰੈਕ ਅਤੇ ਖਾਦਾਂ ਦੀ ਸਪਲਾਈ ਬੰਦ ਹੋ ਗਈ ਹੈ। ਸ੍ਰੀ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਭਰੋਸਾ ਦਿੱਤਾ ਸੀ ਕਿ ਮਾਲ ਗੱਡੀਆਂ ਲਈ ਟਰੈਕ ਖੁੱਲ੍ਹੇ ਹਨ ਪਰ ਜਿਹੋ ਜਿਹੇ ਹਾਲਾਤ ਹਨ, ਉਨ੍ਹਾਂ ਵਿੱਚ ਰੇਲ ਗੱਡੀਆਂ ਚਲਾਉਣੀਆਂ ਅਸੁਰੱਖਿਅਤ ਹਨ। ਸ੍ਰੀ ਯਾਦਵ ਨੇ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਕਿਹਾ ਪ੍ਰਦਰਸ਼ਨਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਸਿਰਫ ਮਾਲ ਗੱਡੀਆਂ ਨੂੰ ਰਾਹ ਦੇਣਗੇ ਪਰ ਸਵਾਰੀ ਗੱਡੀਆਂ ਨੂੰ ਰੋਕਣਗੇ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਦੱਸਣਗੇ ਕਿ ਕਿਹੜੀਆਂ ਗੱਡੀਆਂ ਚੱਲਣਗੀਆਂ ਤੇ ਕਿਹੜੇ ਸਟੇਸ਼ਨਾਂ ਤੋਂ ਕੰਮ ਹੋਵੇਗਾ। ਇਸ ਹਾਲਾਤ ਵਿੱਚ ਕੰਮ ਕਰਨਾ ਔਖਾ ਹੈ। ਰੇਲਵੇ 24 ਅਕਤੂਬਰ ਤੋਂ ਇਸ ਮਾਮਲੇ ’ਤੇ ਰਾਜ ਸਰਕਾਰ ਨਾਲ ਸੰਪਰਕ ਵਿੱਚ ਹੈ।