ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ 378 ਦਿਨ ਤੱਕ ਦਿੱਲੀ ਦੀਆਂ ਹੱਦਾਂ ’ਤੇ ਚੱਲੇ ਕਿਸਾਨੀ ਅੰਦੋਲਨ ਦੌਰਾਨ ਮੌਸਮੀ ਕਰੋਪੀਆਂ ਤੋਂ ਬਚਣ ਲਈ ਬਾਂਸਾਂ ਅਤੇ ਤਰਪਾਲਾਂ ਨਾਲ ਬਣਾਈਆਂ ਗਈਆਂ ਝੌਪੜੀਆਂ ਅਤੇ ਹੋਰ ਸਾਮਾਨ ਕਿਸਾਨਾਂ ਨੇ ਸਮੇਟਣਾ ਸ਼ੁਰੂ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਅੱਜ ਕਿਸਾਨ ਅੰਦੋਲਨ ਮੁਲਤਵੀ ਕਰਨ ਦਾ ਐਲਾਨ ਸਟੇਜ ਤੋਂ ਕਰ ਦਿੱਤਾ ਹੈ।
ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ਦੇ ਮੋਰਚਿਆਂ ’ਤੇ ਕਿਸਾਨਾਂ ਨੇ ਸ਼ੁਰੂ ਵਿੱਚ ਟਰਾਲੀਆਂ ਉੱਪਰ ਤਰਪਾਲਾਂ ਪਾ ਕੇ ਠੰਢ ਦਾ ਮੌਸਮ ਲੰਘਾਇਆ ਸੀ ਅਤੇ ਫਿਰ ਗਰਮੀਆਂ ਦੌਰਾਨ ਬਾਂਸਾਂ ਨਾਲ ਝੌਪੜੀਆਂ ਬਣਾ ਲਈਆਂ ਸਨ। ਅੰਦੋਲਨ ਲੰਬਾ ਹੋਣ ਕਰ ਕੇ ਹੋਰ ਆਰਜ਼ੀ ਪ੍ਰਬੰਧ ਵੀ ਕਰ ਲਏ ਗਏ ਸਨ। ਇਨ੍ਹਾਂ ਝੌਪੜੀਆਂ ਵਿੱਚ ਮੰਜੇ, ਬਿਸਤਰੇ, ਸਟੋਵ ਜਾਂ ਗੈਸ ਸਿਲੰਡਰ ਤੋਂ ਇਲਾਵਾ ਮਨੋਰੰਜਨ ਲਈ ਟੀਵੀ ਆਦਿ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਜਥੇਬੰਦੀਆਂ ਨੇ ਆਪੋ-ਆਪਣੇ ਦਫ਼ਤਰ ਵੀ ਇਨ੍ਹਾਂ ਝੌਪੜੀਆਂ ਵਿੱਚ ਹੀ ਬਣਾਏ ਹੋਏ ਸਨ। ਹੁਣ ਕਿਸਾਨਾਂ ਨੇ ਲੋਹੇ ਦੀਆਂ ਪਾਈਪਾਂ ਨਾਲ ਬਣਾਏ ਢਾਂਚੇ ਹਟਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਆਪਣਾ ਸਾਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਦੇ ਕਿਸਾਨੀ ਮੋਰਚਿਆਂ ਵਿੱਚੋਂ ਸਭ ਤੋਂ ਵੱਡੇ ਟਿਕਰੀ ਮੋਰਚੇ ’ਤੇ ਡਟੇ ਕਿਸਾਨਾਂ ਨੇ ਵੀ ਆਪਣਾ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿੰਘੂ ਬਾਰਡਰ ’ਤੇ ਕਜਾਰੀਆ ਟਾਈਲਜ਼ ਵਿੱਚ ਜੋ ਢਾਂਚਾ ਕਾਇਮ ਕੀਤਾ ਗਿਆ ਸੀ, ਉਹ ਇਸ ਪਲਾਟ ਦੇ ਮਾਲਕ ਨੂੰ ਹੀ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਗਾਜ਼ੀਪੁਰ ਵਿੱਚ ਕਿਸਾਨਾਂ ਦਾ ਕਰੀਬ ਦੋ ਕਿਲੋਮੀਟਰ ਲੰਬਾ ਮੋਰਚਾ ਵੀ 11 ਦਸੰਬਰ ਤੱਕ ਖਾਲੀ ਕਰ ਦਿੱਤਾ ਜਾਵੇਗਾ।