ਮੁੱਖ ਅੰਸ਼
- ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ
- ਜੇ ਬੀਬੀਆਂ ਖੇਤੀ ਦਾ ਕੰਮ ਕਰ ਸਕਦੀਆਂ ਨੇ ਤਾਂ ਉਹ ਦੇਸ਼ ਵੀ ਚਲਾ ਸਕਦੀਆਂ ਨੇ: ਸੁਭਾਸ਼ਨੀ ਅਲੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਜੁਲਾਈ
ਸੰਸਦ ਦੇ ਮੌਨਸੂਨ ਇਜਲਾਸ ਦੀ ਤਰਜ਼ ’ਤੇ ਜੰਤਰ-ਮੰਤਰ ’ਤੇ ਚਲਾਈ ਜਾ ਰਹੀ ਕਿਸਾਨ ਸੰਸਦ ’ਚ ਅੱਜ ਬੀਬੀਆਂ ਨੇ ਕਮਾਨ ਸੰਭਾਲਦਿਆਂ ਮੋਦੀ ਸਰਕਾਰ ਨੂੰ ਤਾਕਤ ਦਿਖਾਉਂਦਿਆਂ ਸੁਨੇਹਾ ਦਿੱਤਾ ਕਿ ਜੇਕਰ ਉਹ ਖੇਤੀ ਦੇ ਕੰਮ ਕਰ ਸਕਦੀਆਂ ਹਨ ਤਾਂ ਮੁਲਕ ਨੂੰ ਵੀ ਚਲਾ ਸਕਦੀਆਂ ਹਨ। ਉਨ੍ਹਾਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਕਿਸਾਨ ਸੰਸਦ ’ਚ ਅੱਜ ਦੀ ਕਾਰਵਾਈ 200 ਕਿਸਾਨ ਬੀਬੀਆਂ ਨੇ ਚਲਾਈ। ਅੱਜ ਦੀ ਕਿਸਾਨ ਔਰਤ ਸੰਸਦ ਦੇ ਤਿੰਨ ਸੈਸ਼ਨ ਹੋਏ। ਪਹਿਲੇ ਸੈਸ਼ਨ ਦੌਰਾਨ ਸੁਭਾਸ਼ਨੀ ਅਲੀ ਨੇ ਸਪੀਕਰ ਵਜੋਂ ਭੂਮਿਕਾ ਨਿਭਾਈ ਜਦਕਿ ਸੁਮਨ ਹੁੱਡਾ ਚੌਧਰੀ ਅਤੇ ਰਵਿੰਦਰ ਪਾਲ ਕੌਰ ਡਿਪਟੀ ਸਪੀਕਰ ਸਨ। ਦੂਜੇ ਸੈਸ਼ਨ ’ਚ ਸਪੀਕਰ ਐਨੀ ਰਾਜਾ ਸਨ ਜਦਕਿ ਹਰਿੰਦਰ ਕੌਰ ਬਿੰਦੂ ਅਤੇ ਜਗਮਤੀ ਸਾਂਗਵਾਨ ਨੇ ਡਿਪਟੀ ਸਪੀਕਰ ਸਨ। ਸੁਰਿੰਦਰ ਜੈਪਾਲ ਨੇ ਖੇਤੀ ਮੰਤਰੀ ਦੀ ਭੂਮਿਕਾ ਨਿਭਾਈ ਅਤੇ ਔਰਤ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਤੀਜੇ ਸੈਸ਼ਨ ਦੀ ਸਪੀਕਰ ਮੇਧਾ ਪਾਟੇਕਰ ਸਨ ਜਦਕਿ ਡਾ. ਕੰਵਲਜੀਤ ਢਿੱਲੋਂ ਅਤੇ ਅਨੁਰਾਧਾ ਬੇਨੀਵਾਲ ਨੇ ਡਿਪਟੀ ਸਪੀਕਰ ਵਜੋਂ ਭੂਮਿਕਾ ਨਿਭਾਈ। ਇਸ ਸੈਸ਼ਨ ’ਚ ਨਿਸ਼ਾ ਸਿੱਧੂ ਨੇ ਖੇਤੀ ਮੰਤਰੀ ਵਜੋਂ ਖੇਤੀ ਕਾਨੂੰਨਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਇਨ੍ਹਾਂ ਤੋਂ ਇਲਾਵਾ ਨਵਸ਼ਰਨ, ਨਵਕਿਰਨ ਨੱਤ, ਜਸਵਿੰਦਰ ਕੌਰ ਅਤੇ ਹੋਰ ਸੂਬਿਆਂ ਦੀਆਂ ਮੈਂਬਰਾਂ ਨੇ ਵੀ ਮਹਿਲਾ ਕਿਸਾਨ ਸੰਸਦ ਚਲਾਉਣ ’ਚ ਆਪਣਾ ਯੋਗਦਾਨ ਪਾਇਆ। ਇਨ੍ਹਾਂ ਸੈਸ਼ਨਾਂ ’ਚ 110 ਔਰਤਾਂ ਨੇ ਬਹਿਸ ’ਚ ਹਿੱਸਾ ਲਿਆ ਅਤੇ ਖੇਤੀ ਮੁੱਦਿਆਂ ਬਾਰੇ ਸੁਆਲ ਪੁੱਛੇ। ਬੀਬੀਆਂ ਵੱਲੋਂ ਕਿਸਾਨ ਸੰਸਦ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਕੀਤੀ ਗਈ। ਇਸ ਮਗਰੋਂ ਦੋ ਮਿੰਟ ਦਾ ਮੌਨ ਧਾਰ ਕੇ ਦਿੱਲੀ ਦੀਆਂ ਬਰੂਹਾਂ ’ਤੇ ਪਿਛਲੇ ਅੱਠ ਮਹੀਨਿਆਂ ਦੇ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਰਾਜਸੀ ਆਗੂ ਅਤੇ ਸਮਾਜਿਕ ਕਾਰਕੁਨ ਸੁਭਾਸ਼ਨੀ ਅਲੀ ਨੇ ਕਿਸਾਨ ਸੰਸਦ ਦੀ ਸ਼ੁਰੂਆਤ ਕਰਦਿਆਂ ਕਿਹਾ, ‘‘ਅੱਜ ਦੀ ‘ਸੰਸਦ’ ਔਰਤਾਂ ਦੀ ਤਾਕਤ ਦਾ ਪ੍ਰਦਰਸ਼ਨ ਕਰੇਗੀ। ਜੇਕਰ ਬੀਬੀਆਂ ਖੇਤੀ ਦਾ ਕੰਮ ਕਰ ਸਕਦੀਆਂ ਹਨ ਤਾਂ ਉਹ ਦੇਸ਼ ਵੀ ਚਲਾ ਸਕਦੀਆਂ ਹਨ। ਅੱਜ ਇੱਥੇ ਹਰ ਕੋਈ ਰਾਜਨੇਤਾ ਹੈ।’’ ਕਿਸਾਨਾਂ ਵੱਲੋਂ ਤਿੰਨੋਂ ਕਾਲੇ ਕਾਨੂੰਨ ਰੱਦ ਹੋਣ ਅਤੇ ਐੱਮਐੱਸਪੀ ਦੀ ਮੰਗ ਮੰਨੇ ਜਾਣ ਤੱਕ ਅੰਦੋਲਨ ਜਾਰੀ ਰੱਖਣ ਦਾ ਅਹਿਦ ਲੈਂਦਿਆਂ ਸੁਭਾਸ਼ਨੀ ਅਲੀ ਨੇ ਕਿਹਾ,‘‘ਸਰਕਾਰ ਸਾਨੂੰ (ਕਿਸਾਨਾਂ) ਅਤਿਵਾਦੀ, ਖਾਲਿਸਤਾਨੀ ਆਦਿ ਨਾਵਾਂ ਨਾਲ ਬੁਲਾਉਂਦੀ ਰਹਿੰਦੀ ਹੈ ਪਰ ਜੇ ਉਨ੍ਹਾਂ ਕੋਲ ਤਾਕਤ ਹੈ ਤਾਂ ਫਿਰ ਉਨ੍ਹਾਂ ਨੂੰ ਇਨ੍ਹਾਂ ਅਤਿਵਾਦੀਆਂ ਤੇ ਖਾਲਿਸਤਾਨੀਆਂ ਦੁਆਰਾ ਪੈਦਾ ਕੀਤਾ ਜਾਂਦਾ ਭੋਜਨ ਨਹੀਂ ਖਾਣਾ ਚਾਹੀਦਾ ਹੈ।’’ ਕਿਸਾਨ ਆਗੂ ਨੀਤੂ ਖੰਨਾ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਬਦਸਲੂਕੀ ਸ਼ਰਮਨਾਕ ਹੈ ਜਦਕਿ ਕਿਸਾਨਾਂ ਦੇ ਸਿਰ ’ਤੇ ਹੀ ਮੁਲਕ ਅੱਜ ਜਿਉਂਦਾ ਹੈ। ਉਨ੍ਹਾਂ ਐੱਮਐੱਸਪੀ ਲਈ ਕਾਨੂੰਨੀ ਗਾਰੰਟੀ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਫ਼ਸਲਾਂ ਦੀ ਵਿਕਰੀ ਐੱਮਐੱਸਪੀ ’ਤੇ ਨਾ ਹੋਈ ਤਾਂ ਆਮ ਆਦਮੀ ਨੂੰ ਇਸ ਦਾ ਨੁਕਸਾਨ ਝਲਣਾ ਪਵੇਗਾ। ਬੀਬੀਆਂ ਦੀ ਸੰਸਦ ’ਚ ਸ਼ਮੂਲੀਅਤ ਕਰਨ ਵਾਲੀ ਨਵ ਕਿਰਨ ਨੇ ਜ਼ਰੂਰੀ ਵਸਤਾਂ ਬਾਰੇ (ਸੋਧ) ਐਕਟ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਇਹ ਦਾਅਵਾ ਕੀਤਾ ਕਿ ਇਹ ਔਰਤ ਵਿਰੋਧੀ, ਗਰੀਬ ਵਿਰੋਧੀ ਤੇ ਆਮ ਆਦਮੀ ਵਿਰੋਧੀ ਹੈ। ਕਿਸਾਨ ਸੰਸਦ ’ਚ ਸ਼ਮੂਲੀਅਤ ਕਰਨ ਵਾਲੀ ਅਦਾਕਾਰਾ ਗੁਲ ਪਨਾਗ ਨੇ ਕਿਹਾ ਕਿ ਸਰਕਾਰ ਨੇ 1955 ਦੇ ਮੂਲ ਕਾਨੂੰਨ ਨੂੰ ਖੁੰਢਾ ਕਰ ਦਿੱਤਾ ਹੈ। ‘ਨਵਾਂ ਕਾਨੂੰਨ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਵਧਾਏਗਾ। ਲੋਕ ਇਹ ਗੱਲ ਨਹੀਂ ਸਮਝ ਰਹੇ ਹਨ ਕਿ ਨਵਾਂ ਕਾਨੂੰਨ ਕਿਸਾਨਾਂ ’ਤੇ ਨਹੀਂ ਸਗੋਂ ਮੱਧ ਵਰਗ ਨੂੰ ਵੀ ਪ੍ਰਭਾਵਿਤ ਕਰੇਗਾ। ਇਸ ਲਈ ਇਹ ਕਾਨੂੰਨ ਤੁਰੰਤ ਰੱਦ ਕੀਤਾ ਜਾਵੇ।’
ਕਿਸਾਨ ਬੀਬੀਆਂ ਦੀ ‘ਸੰਸਦ’ ਵਿੱਚ ਪਾਸ ਕੀਤੇ ਗਏ ਮਤੇ
- ਕਿਸਾਨ ਮੋਰਚੇ ਦੌਰਾਨ ਸ਼ਹੀਦ ਔਰਤਾਂ ਤੇ ਮਰਦਾਂ ਨੂੰ ਸ਼ਰਧਾਂਜਲੀ ਦਿੱਤੀ।
- ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
- ਔਰਤਾਂ ਲਈ ਸੰਸਦ ਵਿਚ 33 ਫ਼ੀਸਦੀ ਰਾਖਵੇਂਕਰਨ ਦੀ ਮੰਗ ਕੀਤੀ ਗਈ।
- ਭਾਜਪਾ ਆਗੂਆਂ ਦੇ ਕਿਸਾਨ ਅੰਦੋਲਨ ਬਾਰੇ ਮੰਦਾ ਬੋਲਣ ਬਾਰੇ ਨਿੰਦਾ ਪ੍ਰਸਤਾਵ ਪਾਸ।
- ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੀਆਂ ਪਤਨੀਆਂ ਦੇ ਹੱਕਾਂ ਬਾਰੇ ਮਤਾ ਪਾਸ।
- ਕਿਸਾਨ ਔਰਤਾਂ ਦੀ ਕਿਸਾਨ ਵਜੋਂ ਅੰਦੋਲਨ ਵਿਚ ਭਾਗੀਦਾਰੀ ਨੂੰ ਅੰਕਿਤ ਕਰਨ ਦਾ ਮਤਾ ਪਾਸ।