ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਫਰਵਰੀ
ਟਿੱਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ’ਤੇ ਜੁੜੇ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਸਕੱਤਰ ਸ਼ਿਗਾਰਾ ਸਿੰਘ ਮਾਨ ਨੇ ਕਿਹਾ ਕਿ ਕੌਮਾਂਤਰੀ ਹਸਤੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੇ ਜਾਣ ਮਗਰੋਂ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਦਿੱਲੀ ਪੁਲੀਸ ਵੱਲੋਂ ਉਨ੍ਹਾਂ ’ਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਜਿਨ੍ਹਾਂ ਤੋਂ ਭਾਜਪਾ ਸਰਕਾਰ ਦੀ ਬੁਖਲਾਹਟ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਦੀਆਂ ਘਟਨਾਵਾਂ ਦੀ ਆੜ ਹੇਠ ਮੋਦੀ ਹਕੂਮਤ ਵੱਲੋਂ ਕਿਸਾਨ ਸੰਘਰਸ਼ ’ਤੇ ਬੋਲੇ ਚੌਤਰਫੇ ਹੱਲੇ ਨੂੰ ਦੇਸ਼ ਦੇ ਕਿਸਾਨਾਂ ਨੇ ਇਕਜੁੱਟਤਾ ਨਾਲ ਪਛਾੜ ਕੇ ਇਸ ਸੰਘਰਸ਼ ਨੂੰ ਨਵੀਂ ਪਛਾਣ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸ਼ਾਂਤਮਈ ਮੋਰਚੇ ਵਿੱਚ ਬੈਠੇ ਬੱਚਿਆਂ, ਔਰਤਾਂ ਨਾਲ ਪਰਿਵਾਰਾਂ ਸਮੇਤ ਬੈਠੇ ਕਿਸਾਨਾਂ (ਜਿਨ੍ਹਾਂ ਨੂੰ ਵੋਟਾਂ ਲੈਣ ਵੇਲੇ ਅੰਨਦਾਤਾ ਕਿਹਾ ਜਾਂਦਾ ਹੈ) ਦਾ ਬਿਜਲੀ-ਪਾਣੀ ਤੇ ਇੰਟਰਨੈੱਟ ਸੇਵਾਵਾਂ ਬੰਦ ਕਰਨਾ ਸਰਕਾਰ ਦੀ ਕਿਸਾਨਾਂ ਤੇ ਕਿਰਤੀ ਲੋਕਾਂ ਨਾਲ ਦੁਸ਼ਮਣੀ ਵਾਲੇ ਰਿਸ਼ਤੇ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ ਦੀਆਂ ਸੜਕਾਂ ’ਤੇ ਕਿੱਲਾਂ ਗੱਡਣ ਅਤੇ ਕੰਧਾਂ ਉਸਾਰ ਕੇ ਕਿਸਾਨਾਂ ਨਾਲ ਵਿਦੇਸ਼ੀ ਹਕੂਮਤ ਵਾਂਗ ਵਿਹਾਰ ਕੀਤਾ ਜਾ ਰਿਹਾ ਹੈ।