ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਦਿੱਲੀ ਦੇ ਮੋਰਚਿਆਂ ’ਤੇ ਡਟੇ ਕਿਸਾਨਾਂ ਦਾ ਮੱਥਾ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਲੱਗਿਆ ਹੋਇਆ ਹੈ, ਉੱਥੇ ਹੀ ਉਹ ਕੁਦਰਤੀ ਕਰੋਪੀ ਦਾ ਵੀ ਸਾਹਮਣਾ ਕਰ ਰਹੇ ਹਨ। ਪਿਛਲੇ ਸਾਲ 26 ਨਵੰਬਰ ਤੋਂ ਹੁਣ ਤੱਕ ਕੁਦਰਤ ਕਈ ਵਾਰ ਕਿਸਾਨਾਂ ਦਾ ਸਬਰ ਪਰਖ ਚੁੱਕੀ ਹੈ। ਹੁਣ ਤੱਕ ਤਿੰਨ ਵਾਰ ਤੇਜ਼ ਹਨੇਰੀ ਨਾਲ ਕਿਸਾਨਾਂ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਦੇ ਮੋਰਚਿਆਂ ਉਪਰ ਗੱਡੇ ਤੰਬੂ ਤੇ ਝੌਂਪੜੀਆਂ ਨੂੰ ਨੁਕਸਾਨ ਪਹੁੰਚ ਚੁੱਕਾ ਹੈ। ਬੀਤੇ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਨੇ ਵੀ ਕਿਸਾਨਾਂ ਨੂੰ ਪਸੀਨੋ-ਪਸੀਨੀ ਕੀਤਾ ਹੋਇਆ ਹੈ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਮੀਂਹ ਨਾਲ ਕਿਸਾਨਾਂ ਲਈ ਲੰਗਰਾਂ ਵਿੱਚ ਰੱਖੀ ਰਸਦ, ਬਾਲਣ ਸਮੇਤ ਹੋਰ ਸਮਾਨ ਭਿੱਜ ਗਿਆ। ਦੋ ਹੋਰ ਕਿਸਾਨ ਆਗੂਆਂ ਮਨਜੀਤ ਸਿੰਘ ਰਾਇ ਤੇ ਹਰਜੀਤ ਰਵੀ ਨੇ ਦੱਸਿਆ ਕਿ ਕਿਸਾਨ ਕੁਦਰਤ ਦੀ ਕਰੋਪੀ ਵੀ ਖਿੜੇ ਮੱਥੇ ਸਹਿਣ ਲਈ ਤਿਆਰ ਹਨ ਤੇ ਉਹ ਆਪਣੇ ਸਿਦਕ ਦਾ ਇਮਤਿਹਾਨ ਵਾਰ ਵਾਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਮੌਨਸੂਨ ਸ਼ੁਰੂ ਹੋਵੇਗੀ ਇਸੇ ਲਈ ਕਿਸਾਨੀ ਮੋਰਚਿਆਂ ਦੀਆਂ ਮੁੱਖ ਸਟੇਜਾਂ ਨੂੰ ਤਰਪਾਲਾਂ ਦੀ ਥਾਂ ਹੁਣ ਟੀਨਾਂ ਨਾਲ ਢੱਕਿਆ ਗਿਆ ਹੈ। ਸਿੰਘੂ ਦੀ ਮੁੱਖ ਸਟੇਜ ਅਤੇ ਪੰਡਾਲ ਵਿੱਚ ਵੀ ਟੀਨਾਂ ਪਾ ਦਿੱਤੀਆਂ ਗਈਆਂ ਹਨ। ਗਾਜ਼ੀਪੁਰ ਮੋਰਚੇ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਇੱਥੇ ਪਹਿਲਾਂ ਸਟੇਜ ਬਾਂਸਾਂ ਤੇ ਤਰਪਾਲਾਂ ਸਹਾਰੇ ਸੀ, ਪਰ ਮੌਨਸੂਨ ਦੇ ਮੱਦੇਨਜ਼ਰ ਇਹ ਵੀ ਪੱਕੀ ਕਰ ਲਈ ਗਈ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸਖ਼ਤ ਸੁਨੇਹਾ ਦਿੱਤਾ ਕਿ ਉਹ ਥੱਕਣ, ਅੱਕਣ ਜਾਂ ਭੱਜਣ ਵਾਲੇ ਨਹੀਂ ਹਨ। ਉਧਰ ਟਿਕਰੀ ਬਾਰਡਰ ਮੋਰਚੇ ਦੀ ਪ੍ਰਬੰਧਕ ਕਮੇਟੀ ਵੱਲੋਂ ਝੱਜਰ ਦੇ ਡੀਸੀ ਅਤੇ ਬਹਾਦਰਗੜ੍ਹ ਦੇ ਐੱਸਡੀਐੱਮ ਨਾਲ ਮੁਲਾਕਾਤ ਕੀਤੀ ਗਈ ਤੇ ਦੋਵਾਂ ਅਧਿਕਾਰੀਆਂ ਨੂੰ ਬੀਤੀ ਰਾਤ ਪਏ ਮੀਂਹ ਤੇ ਤੇਜ਼ ਹਨੇਰੀ ਦੇ ਵਗਣ ਕਾਰਨ ਸਾਹਮਣੇ ਆਈਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।