ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਮਾਰਚ
ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਹੋਏ ਵੱਡੇ ਇਕੱਠਾਂ ਤੋਂ ਉਤਸ਼ਾਹਿਤ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹੁਣ 26 ਮਾਰਚ ਦੇ ‘ਭਾਰਤ ਬੰਦ’ ਨੂੰ ਸਫਲ ਬਣਾਉਣ ਲਈ ਜੁੱਟ ਗਏ ਹਨ। ਮੋਰਚੇ ਨੂੰ ਟਰਾਂਸਪੋਟਰਾਂ ਦੀਆਂ ਕੌਮੀ ਜਥੇਬੰਦੀਆਂ ਸਮੇਤ ਟਰੇਡ ਯੂਨੀਅਨਾਂ ਤੇ ਵਪਾਰਕ ਸੰਸਥਾਵਾਂ ਦਾ ਵੀ ਸਮਰਥਨ ਹਾਸਲ ਹੋ ਚੁੱਕਾ ਹੈ। ਮੰਗਲਵਾਰ ਨੂੰ ਨੌਜਵਾਨਾਂ ਦੇ ਇਕੱਠ ਦਿੱਲੀ ਦੇ ਧਰਨਿਆਂ ’ਤੇ ਪੁੱਜਣ ਮਗਰੋਂ ਕਿਸਾਨ ਆਗੂਆਂ ਦੇ ਹੌਸਲੇ ਬੁਲੰਦ ਹਨ।
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਹਰ ਰਾਜ ਦੀਆਂ ਮੁੱਖ ਟਰੇਡ ਯੂਨੀਅਨਾਂ ਤੇ ਸਥਾਨਕ ਜੱਥੇਬੰਦੀਆਂ ਨੇ ਬੰਦ ਦਾ ਸਮਰਥਨ ਕੀਤਾ ਹੈ। ਦੇਸ਼ ਦੀਆਂ 10 ਵੱਡੀਆਂ ਟਰੇਡ ਯੂਨੀਅਨਾਂ ਤੇ ਦੋ ਹੋਰ ਵੱਡੀਆਂ ਐਸੋਸੀਏਸ਼ਨਾਂ, ਬੈਂਕ, ਡਾਕਟਰਾਂ, ਵਕੀਲਾਂ, ਤਕਨੀਕੀ ਖੇਤਰ ਦੇ ਲੋਕਾਂ, ਮਜ਼ਦੂਰ, ਕਾਰੋਬਾਰੀ ਸੰਸਥਾਵਾਂ, ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਦੀਆਂ ਯੂਨੀਅਨਾਂ, ਵਿਦਿਆਰਥੀ ਤੇ ਮਹਿਲਾ ਜੱਥੇਬੰਦੀਆਂ ਵੱਲੋਂ ਵੀ ਸਮਰਥਨ ਦੇ ਬਿਆਨ ਆ ਚੁੱਕੇ ਹਨ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਅੰਨਦਾਤਾ ਦੇ ਭਵਿੱਖ ’ਤੇ ਬਣੇ ਸੰਕਟ ਦੇ ਮੱਦੇਨਜ਼ਰ ਭਾਰਤ ਬੰਦ ਵਿੱਚ ਸ਼ਾਮਲ ਹੋਣ।
ਸ੍ਰੀ ਦਰਸ਼ਨ ਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ਾਂਤਮਈ ਰਹਿ ਕੇ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਤੇ ਘੱਟ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਸਮੇਤ ਹੋਰ ਮੰਗਾਂ ਲਈ ਕੌਮੀ ਪੱਧਰ ’ਤੇ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਜਨ-ਅੰਦੋਲਨ ਬਣਨ ਕਰਕੇ ਲੋਕ ਹੁਣ ਮਹਿੰਗਾਈ ਤੇ ਕਿਸਾਨੀ ਨਾਲ ਜੁੜੇ ਖੇਤਰਾਂ ’ਤੇ ਤਿੰਨੋਂ ਖੇਤੀ ਕਾਨੂੰਨਾਂ ਦੇ ਪੈਣ ਵਾਲੇ ਮਾੜੇ ਅਸਰਾਂ ਤੋਂ ਜਾਣੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਕੁਝ ਬੰਦ ਰਹੇਗਾ।
ਬੰਦ ’ਚ ਸ਼ਾਮਲ ਹੋਣਗੀਆਂ ਟਰੇਡ ਯੂਨੀਅਨਾਂ
ਟਰੇਡ ਯੂਨੀਅਨ ਆਗੂ ਅਮਰਜੀਤ ਕੌਰ ਨੇ ਕਿਹਾ ਕਿ ਦੇਸ਼ ਦੀਆਂ ਮੁੱਖ ਟਰੇਡ ਯੂਨੀਅਨਾਂ ਦੇ ਸੈਂਟਰਲ ਟਰੇਡ ਯੂਨੀਅਨ ਪਲੇਟਫਾਰਮ (ਸੀਟੀਯੂ) ਵੱਲੋਂ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦੇ ਹੋਏ ਬੰਦ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿਹਾ ਕਿ ਸੀਟੀਯੂ ਨਵੇਂ 4 ਕਿਰਤ ਕੋਡਾਂ ਵਾਪਸ ਕਰਵਾਉਣ, ਸਰਕਾਰੀ ਅਦਾਰਿਆਂ ਦੇ ਨਿੱਜੀਕਰਨ, ਨਿਗਮੀਕਰਨ, ਅਪਨਿਵੇਸ਼ ਨੀਤੀ, ਕਾਰਪੋਰੇਟ ਪੱਖੀ ਨੀਤੀਆਂ ਦੇ ਖ਼ਿਲਾਫ਼, ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦਿੰਦੇ ਹੋਏ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਐੱਮਐੱਸਪੀ ਦੀ ਗਾਰੰਟੀ ਲਈ ਭਾਰਤ ਬੰਦ ’ਚ ਸ਼ਾਮਲ ਹੋਵੇਗਾ। ਟਰੇਡ ਯੂਨੀਅਨਾਂ ਵੱਲੋਂ 1 ਅਪਰੈਲ ਨੂੰ ਲੇਬਰ ਕੋਡ ਵਿਰੋਧੀ ਦਿਵਸ ਮਨਾਉਂਦੇ ਹੋਏ ਕਿਰਤ ਕੋਡ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।