ਨਾਸਿਕ, 15 ਸਤੰਬਰ
ਵਿਸ਼ਵ ਦੇ ਪਿਆਜ਼ ਦੇ ਸਭ ਤੋਂ ਵੱਡੇ ਬਾਜ਼ਾਰਾਂ ਵਿਚੋਂ ਇਕ ਨਾਸਿਕ ਦੇ ਲਾਸਲਗਾਓਂ ਖੇਤਰ ਅਤੇ ਜ਼ਿਲ੍ਹੇ ਦੀਆਂ ਕੁਝ ਹੋਰਨਾਂ ਥਾਵਾਂ ’ਤੇ ਅੱਜ ਕਿਸਾਨਾਂ ਨੇ ਪਿਆਜ਼ ਦੇ ਬਰਾਮਦ ’ਤੇ ਸਰਕਾਰ ਵੱਲੋਂ ਲਾਈ ਰੋਕ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਮੁੰਗਸੇ, ਪਿੰਪਲਗਾਓਂ, ਨਾਮਪੁਰ ਅਤੇ ਉਮਰਾਨੇ ਬਾਜ਼ਾਰਾਂ ਵਿਚ ਪ੍ਰਦਰਸ਼ਨ ਕੀਤੇ ਅਤੇ ਕਰੀਬ ਦਸ ਹਜ਼ਾਰ ਕੁਇੰਟਲ ਪਿਆਜ਼ ਦੀ ਬੋਲੀ ਲਾਈ। ਉਨ੍ਹਾਂ ਨੇ ਮੁੰਬਈ-ਆਗਰਾ ਕੌਮੀ ਮਾਰਗ ਜਾਮ ਕਰਨ ਦੀ ਵੀ ਕੋੋਸ਼ਿਸ਼ ਕੀਤੀ।
ਲਾਸਲਗਾਓਂ ਖੇਤੀਬਾੜੀ ਪੈਦਾਵਾਰ ਮਾਰਕੀਟ ਕਮੇਟੀ (ਏਪੀਐੱਮਸੀ) ਵਿਚ ਅੱਜ ਸਵੇਰੇ 2200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪਿਆਜ਼ ਦੀ ਬੋਲੀ ਸ਼ੁਰੂ ਹੋਈ। ਕਿਸਾਨਾਂ ਦਾ ਕਹਿਣਾ ਸੀ ਕਿ ਬਰਾਮਦ ’ਤੇ ਰੋਕ ਲਾਉਣ ਨਾਲ ਘਰੇਲੂ ਬਾਜ਼ਾਰ ਵਿਚ ਪਦਾਰਥਾਂ ਦੀਆਂ ਕੀਮਤਾਂ ਡਿੱਗ ਗਈਆਂ ਹਨ।
-ਪੀਟੀਆਈ