ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਦਸੰਬਰ
ਸਿੰਘੂ ਬਾਰਡਰ ’ਤੇ ਲੱਗੇ ਕਿਸਾਨੀ ਧਰਨੇ ’ਚ ਪੰਜਾਬ ਤੋਂ ਕਿਸਾਨਾਂ ਦੀ ਆਮਦ ਦਿਨ ਬ ਦਿਨ ਵਧਣ ਲੱਗੀ ਹੈ। ਇਸੇ ਲੜੀ ਵਿੱਚ ਮੋਰਿੰਡਾ ਨੇੜਲੇ ਪਿੰਡ ਹਵਾਰਾ ਤੋਂ ਕੁਝ ਕਿਸਾਨਾਂ ਨਾਲ ਪੁੱਜੇ ਭਰਪੂਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਤੱਕ ਦੇ ਸਫ਼ਰ ਰਾਹ ਵਿੱਚ ਲੋਕਾਂ ਦੀ ਵੱਡੀ ਹਮਾਇਤ ਮਿਲਣ ਲੱਗੀ ਸੀ। ਕਿਸਾਨ ਨੇ ਦੱਸਿਆ ਕਿ ਸੋਨੀਪਤ ਪੁੱਜਣ ’ਤੇ ਆਟੋ ਕੀਤਾ ਤਾਂ ਹਰਿਆਣਾ ਸਰਕਾਰ ’ਚ ਮੁਲਾਜ਼ਮ ਇੱਕ ਲੜਕੀ ਵੀ ਨਾਲ ਆ ਬੈਠੀ। ਇਸ ਲੜਕੀ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਦੀ ਹਮਾਇਤੀ ਹੈ ਕਿਉਂਕਿ ਉਹ ਵੀ ਕਿਸਾਨ ਦੀ ਧੀ ਹੈ। ਭਰਪੂਰ ਸਿੰਘ ਨੇ ਕਿਹਾ ਕਿ ਜਦੋਂ ਉਹ ਆਟੋ ਵਾਲੇ ਨੂੰ ਕਿਰਾਇਆ ਭਾੜਾ ਦੇਣ ਲੱਗੇ ਤਾਂ ਇਸ ਕੁੜੀ ਨੇ ਆਪਣੀ ਜੇਬ੍ਹ ’ਚੋਂ ਪੰਜ ਸੌ ਰੁਪਏ ਦਾ ਨੋਟ ਕੱਢ ਕੇ ਦਿੱਤਾ। ਕੁੜੀ ਨੇ ਕਿਹਾ ਕਿ ਕਿਰਾਇਆ ਉਹ ਦੇਵੇਗੀ ਤੇ ਉਸ ਨੇ ਇੰਨੀ ਗੱਲ ਵੀ ਆਖੀ ਕਿ ਉਹਦੀ ਤਾਇਨਾਤੀ ਨੇੜੇ ਹੀ ਹੈ ਤੇ ਜੇ ਕੋਈ ਦਿੱਕਤ ਹੋਵੇ ਤਾਂ ਦੱਸਿਓ।
ਕਿਸਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਾਣੀਪਤ ਤੱਕ ਦੇ ਰੇਲ ਸਫ਼ਰ ਦੌਰਾਨ ਵੀ ਟੀਟੀ ਨੇ ਟਿਕਟ ਨਾ ਹੋਣ ਦੇ ਬਾਵਜੂਦ ਇਹ ਕਹਿੰਦਿਆਂ ਵੱਡਾ ਦਿਲ ਵਿਖਾਇਆ ਕਿ ਤੁਸੀਂ ਚੰਗੇ ਕੰਮ ਲਈ ਜਾ ਰਹੇ ਹੋ ਅਤੇ ਇੱਕ ਹਰਿਆਣਵੀ ਪੁੁਲੀਸ ਮੁਲਾਜ਼ਮ ਨੇ ਵੀ ਧਰਨੇ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।