ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਜੂਨ
ਸੰਯੁਕਤ ਕਿਸਾਨ ਮੋਰਚੇ ਨੇ ਆਉਣ ਵਾਲੇ ਦਿਨਾਂ ਲਈ ਆਪਣੇ ਪ੍ਰੋਗਰਾਮ ਤੇ ਯੋਜਨਾਵਾਂ ਦਾ ਐਲਾਨ ਕਰਦਿਆਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੰਕੇਤ ਦਿੱਤਾ ਹੈ। ਡਾ. ਦਰਸ਼ਨ ਪਾਲ ਅਤੇ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਮਿਸ਼ਨ ਯੂ.ਪੀ. ਤੇ ਉੱਤਰਾਖੰਡ ਲਈ ਵਿਸਥਾਰਤ ਐਕਸ਼ਨ ਪਲਾਨ ਵੀ ਜਲਦੀ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਿਆਂਦਾ ਜਾਵੇਗਾ।
ਉੱਧਰ, ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਹਰਿਆਣਾ ਦੀਆਂ ਕਿਸਾਨ ਯੂਨੀਅਨਾਂ ਨੇ ਹਰਿਆਣਾ ਦੇ ਸਮੂਹ ਪੇਂਡੂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਤੇ ਜੇਜੇਪੀ ਆਗੂਆਂ ’ਤੇ ‘ਗਾਂਵ-ਬੰਦੀ’ ਲਾਗੂ ਕਰਨ ਅਤੇ ਉਨ੍ਹਾਂ ਨੂੰ ਸਮਾਜਿਕ ਕਾਰਜਾਂ ਤੇ ਸਮਾਗਮਾਂ ਲਈ ਸੱਦਾ ਦੇਣ ਤੋਂ ਗੁਰੇਜ਼ ਕਰਨ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹੁਣ ਤੱਕ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕਈ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਕੁੱਝ ਮੀਡੀਆ ਹਾਊਸ ਜਿਨ੍ਹਾਂ ਦਾ ਇੱਕਮਾਤਰ ਉਦੇਸ਼ ਭਾਜਪਾ, ਸਹਿਯੋਗੀ ਪਾਰਟੀਆਂ ਅਤੇ ਸਰਕਾਰ ਦੀ ਹਮਾਇਤ ਵਿੱਚ ਪ੍ਰਚਾਰ ਜਾਰੀ ਰੱਖਣਾ ਪ੍ਰਤੀਤ ਹੁੰਦਾ ਹੈ, ਵੀ ਸਰਕਾਰ ਦੀ ਇਸ ਕੋਸ਼ਿਸ਼ ਵਿੱਚ ਜ਼ਿਆਦਾ ਪਿੱਛੇ ਨਹੀਂ ਰਹੇ। ਇਕ ਕੌਮੀ ਪੱਧਰੀ ਮੀਡੀਆ ਹਾਊਸ ਨੂੰ ਇੱਕ ਸ਼ਿਕਾਇਤਕਰਤਾ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਅਤੇ ਟਿਕਰੀ ਬਾਰਡਰ ’ਤੇ ਛੇੜਛਾੜ ਸਬੰਧੀ ਸਪੱਸ਼ਟੀਕਰਨ ਦਿੱਤਾ ਗਿਆ ਹੈ। ਅਭਿਮੰਨਿਊ ਕੋਹਾੜ ਨੇ ਕਿਹਾ ਕਿ ਮੋਰਚੇ ਨੇ ਪ੍ਰਦਰਸ਼ਨਕਾਰੀ ਔਰਤਾਂ ਦੀਆਂ ਪ੍ਰੇਸ਼ਾਨੀਆਂ ਜਾਂ ਕਿਸੇ ਹੋਰ ਉਲੰਘਣਾ ਨੂੰ ਰੋਕਣ ਲਈ ਮਹਿਲਾ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਰਮਿੰਦਰ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ‘ਟ੍ਰੈਕਟਰ ਟੂ ਟਵਿੱਟਰ’ ਨੂੰ ਕਾਨੂੰਨੀ-ਸਹਾਇਤਾ ਦੇਵੇਗਾ।
ਝੋਨੇ ਦੀ ਲੁਆਈ ਸਬੰਧੀ ਫੁਰਮਾਨ ਜਾਰੀ ਨਾ ਕਰਨ ਲਈ ਕਿਹਾ
ਨਵੀਂ ਦਿੱਲੀ: ਟਿਕਰੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਪਰਸ਼ੋਤਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਦੌਰਾਨ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ ਵੱਲੋਂ ਝੋਨੇ ਦੀ ਲੁਆਈ ਦੇ ਰੇਟ ਸਬੰਧੀ ਜਾਰੀ ਫੁਰਮਾਨਾਂ ਨੂੰ ਸਮਾਜਿਕ ਤੌਰ ’ਤੇ ਮਜ਼ਦੂਰਾਂ ਦੇ ਹੱਕਾਂ ਦਾ ਘਾਣ ਕਰਾਰ ਦਿੱਤਾ। ਮੋਰਚੇ ਦੀ ਕਮੇਟੀ ਨੇ ਬੇਨਤੀ ਕੀਤੀ ਹੈ ਕਿ ਇਸ ਤਰ੍ਹਾਂ ਦੇ ਫੁਰਮਾਨ ਜਾਰੀ ਨਾ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨਾਲ ਮਿਲ-ਬੈਠ ਕੇ ਸਾਂਝੀਵਾਲਤਾ ਵਧਾਉਣ ਅਤੇ ਮਹਿੰਗਾਈ ਦੇ ਹਿਸਾਬ ਨਾਲ ਬਣਦਾ ਹੱਕ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਅਤੇ ਕਿਸਾਨਾਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਕਿਉਂਕਿ ਦੇਸ਼ ਪੱਧਰੀ ਅੰਦੋਲਨ ਸਾਂਝੇ ਤੌਰ ’ਤੇ ਚਲਾਇਆ ਜਾ ਰਿਹਾ ਹੈ।