ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਮਾਰਚ
ਸੰਯੁਕਤ ਕਿਸਾਨ ਮੋਰਚੇ ਵੱਲੋਂ ਟਿਕਰੀ ਬਾਰਡਰ ’ਤੇ ਅੱਜ ਪੈਪਸੂ ਮੁਜਾਰਾ ਲਹਿਰ ਦੀ 72ਵੀਂ ਵਰ੍ਹੇਗੰਢ ਮਨਾਉਂਦਿਆਂ ਦੇਸ਼ਭਗਤਾਂ ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ, ਭਗਵਾਨ ਸਿੰਘ ਲੌਂਗੋਵਾਲ, ਹਜੂਰਾ ਸਿੰਘ ਮਟਰਾਂ ਸਮੇਤ ਸੈਂਕੜੇ ਸ਼ਹੀਦਾਂ ਅਤੇ ਯੋਧਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਪ੍ਰਬੰਧ ਜਸਵੀਰ ਕੌਰ ਨੱਤ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਕੌਰ ਜੋਗਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਰੁਲਦੂ ਸਿੰਘ ਮਾਨਸਾ ਅਤੇ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਮੁਜਾਰਾ ਲਹਿਰ ਨੇ 784 ਪਿੰਡਾਂ ਦੇ ਮੁਜਾਰਿਆ ਨੂੰ ਜਗੀਰਦਾਰਾਂ ਦੀ ਲੁੱਟ-ਖਸੁੱਟ ਤੋਂ ਮੁਕਤ ਕਰਵਾਇਆ ਸੀ ਅਤੇ 16 ਲੱਖ ਏਕੜ ਜ਼ਮੀਨ ਦੇ ਮਾਲਕ ਬਣਾਇਆ ਸੀ। ਉਨ੍ਹਾਂ ਕਿਹਾ ਕਿ ਮੁਜਾਰਾ ਲਹਿਰ 20 ਸਾਲ ਲੰਮੀ ਚੱਲੀ ਸੀ। ਆਗੂਆਂ ਨੇ ਕਿਹਾ ਕਿ ਮੁਜਾਰਾ ਲਹਿਰ ਵਾਂਗ ਹੀ ਅੱਜ ਵੀ ਕਿਸਾਨ ਆਪਣੀਆਂ ਜ਼ਮੀਨਾਂ ਦੀ ਹੋਂਦ ਬਚਾਉਣ ਲਈ ਲੜਾਈ ਲੜ ਰਹੇ ਹਨ। ‘ਮੁਜਾਰਾ ਲਹਿਰ ਵੇਲੇ ਮੌਕੇ ਦੀ ਸਰਕਾਰ ਜਗੀਰਦਾਰਾਂ ਦੀ ਪਿੱਠ ’ਤੇ ਸੀ ਅਤੇ ਮੌਜੂਦਾ ਮੋਦੀ ਸਰਕਾਰ ਉਨ੍ਹਾਂ ਤੋਂ ਅਗਾਂਹ ਜਾ ਕੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਚੁੱਕੀ ਹੈ।’ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਇਤਿਹਾਸਕ ਪੈਪਸੂ ਮੁਜਾਰਾ ਲਹਿਰ ਤੋਂ ਸੇਧ ਲੈ ਕੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੀ ਲੜਾਈ ਹੋਰ ਮਜ਼ਬੂਤ ਕਰਨੀ ਚਾਹੀਦੀ ਹੈ। ਇਸ ਮੌਕੇ ਬਲਦੇਵ ਸਿੰਘ ਨਿਹਾਲਗੜ੍ਹ, ਪ੍ਰਸ਼ੋਤਮ ਸਿੰਘ ਗਿੱਲ, ਅਮਰੀਕ ਸਿੰਘ ਫਫੜੇ, ਅਮਰਜੀਤ ਸਿੰਘ ਹਨੀ, ਬਲਵਿੰਦਰ ਸਿੰਘ ਗੰਗਾ, ਕੁਲਵੰਤ ਮੌਲਵੀਵਾਲਾ, ਡਾ. ਧੰਨਾ ਮੱਲ ਗੋਇਲ, ਮੇਜਰ ਸਿੰਘ, ਨਿਰਮਲ ਮਾਣੂੰਕੇ, ਜਸਪਾਲ ਸਿੰਘ, ਜੋਗਿੰਦਰ ਨੈਣ, ਕੁਲਦੀਪ ਢਾਡਾ, ਡਾ. ਬਲਵੀਰ ਸਿੰਘ ਅਤੇ ਤੇਜਿੰਦਰ ਥਿੰਦ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਮਾਨਸਾ ਅਤੇ ਸੰਗਰੂਰ ਦੇ ਸੈਂਕੜੇ ਪਿੰਡਾਂ ਦੇ ਸੂਰਮੇ ਕਿਸਾਨਾਂ ਦੀਆਂ ਅਗਲੀਆਂ ਪੀੜ੍ਹੀਆਂ ਅੱਜ ਆਪਣੇ ਪੁਰਖਿਆਂ ਤੋਂ ਪ੍ਰੇਰਣਾ ਲੈ ਕੇ ਜ਼ਮੀਨਾਂ ਦੀ ਰਾਖੀ ਲਈ ਜੂਝ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਗੀਰੂ ਲੁੱਟ ਅੱਜ ਵੀ ਵੱਖ-ਵੱਖ ਢੰਗਾਂ ਨਾਲ ਜਾਰੀ ਹੈ। ‘ਜਗੀਰੂ ਲੁੱਟ ਦੇ ਰੂਪ ਬਦਲ ਗਏ ਹਨ ਪਰ ਸਾਮਰਾਜੀ ਲੁੱਟ ਨਾਲ ਜੁੜ ਕੇ ਇਹ ਅਜੇ ਵੀ ਕਿਸਾਨਾਂ ਦਾ ਖੂਨ ਚੂਸ ਰਹੀ ਹੈ। ਹਕੂਮਤਾਂ ਕਿਸਾਨਾਂ ਦੇ ਪੱਖ ’ਚ ਪਹਿਲਾਂ ਤੋਂ ਬਣੇ ਕਾਨੂੰਨ ਲਾਗੂ ਕਰਨ ਦੀ ਥਾਂ ’ਤੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਲਈ ਨਵੇਂ ਕਾਲੇ ਕਾਨੂੰਨ ਲਾਗੂ ਕਰ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬਣਿਆ ਲੈਂਡ ਸੀਲਿੰਗ ਐਕਟ ਸਖ਼ਤੀ ਨਾਲ ਲਾਗੂ ਕਰਕੇ ਜਗੀਰਦਾਰਾਂ ਤੋਂ ਵਾਧੂ ਜ਼ਮੀਨਾਂ ਜ਼ਬਤ ਕਰ ਕੇ ਬੇਜ਼ਮੀਨੇ ਤੇ ਥੋੜ੍ਹੀਆਂ ਜ਼ਮੀਨਾਂ ਵਾਲੇ ਕਿਸਾਨਾਂ-ਮਜ਼ਦੂਰਾਂ ਵਿੱਚ ਵੰਡੀਆਂ ਜਾਣ। ਬੀਕੇਯੂ ਏਕਤਾ (ਉਗਰਾਹਾਂ) ਦੇ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਮੌਜੂਦਾ ਸੰਘਰਸ਼ ਦੌਰਾਨ ਕਿਸਾਨਾਂ ਦੀ ਏਕਤਾ ਅਤੇ ਕੁਰਬਾਨੀ ਦਾ ਜਜ਼ਬਾ ਅੱਜ ਵੀ ਮਿਸਾਲੀ ਹਨ। ਅਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਵੱਲੋਂ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਨਾਟਕ ਅਤੇ ਕੋਰੀਓਗ੍ਰਾਫੀ ‘ਮਸ਼ਾਲਾਂ ਬਾਲ ਕੇ ਚੱਲਣਾ’ ਪੇਸ਼ ਕੀਤੀ ਗਈ।
‘ਐੱਫਸੀਆਈ ਨੇ ਐਨ ਮੌਕੇ ’ਤੇ ਖਰੀਦ ਸ਼ਰਤਾਂ ਲਾਈਆਂ’
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਅਨਾਜ-ਮੰਡੀਆਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਐੱਫਸੀਆਈ ਵੱਲੋਂ ਲਿਆਂਦੇ ਨਵੇਂ ਖਰੀਦ ਤੇ ਅਦਾਇਗੀ ਨਿਯਮਾਂ ਦਾ ਵਿਰੋਧ ਕੀਤਾ ਗਿਆ। ਕਿਸਾਨ ਜਥੇਬੰਦੀਆਂ ਨੇ ਦੇਸ਼ ਭਰ ਦੀਆਂ ਵੱਖ ਵੱਖ ਥਾਵਾਂ ਤੋਂ ਪ੍ਰਧਾਨ ਮੰਤਰੀ ਦੇ ਨਾਂ ਪੱਤਰ ਭੇਜ ਕੇ ਐੱਫਸੀਆਈ ਦੇ ਨਵੇਂ ਨਿਰਦੇਸ਼ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉੱਤਰ ਪ੍ਰਦੇਸ਼ ’ਚ ਵੀ ਰੋਸ ਪ੍ਰਦਰਸ਼ਨਾਂ ਬਾਰੇ ਖਬਰਾਂ ਆ ਰਹੀਆਂ ਹਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਐੱਫਸੀਆਈ ਨੇ ਨਵੀਆਂ ਖਰੀਦ ਤੇ ਅਦਾਇਗੀ ਦੀਆਂ ਸ਼ਰਤਾਂ ਐਨ ਉਸ ਮੌਕੇ ਲਾ ਦਿੱਤੀਆਂ ਹਨ ਜਦੋਂ ਕਣਕ ਦੀ ਫਸਲ ਮੰਡੀਆਂ ਦੀਆਂ ਬਰੂਹਾਂ ’ਤੇ ਹੈ। ਸੱਤ ਦਹਾਕਿਆਂ ਤੋਂ ਜੋ ਮਿਆਰੀਕਰਨ ਚੱਲ ਰਿਹਾ ਸੀ, ਉਸ ’ਚ ਫਰਕ ਪਾਉਣ ਦਾ ਇੱਕੋ-ਇਕ ਮਕਸਦ, ਸਰਕਾਰੀ ਖਰੀਦ ਤੋਂ ਪਾਸਾ ਵੱਟਣਾ ਹੈ। ਡਾ. ਦਰਸ਼ਨ ਪਾਲ ਨੇ ਕਿਹਾ ਕਿ 24 ਤੇ 25 ਮਾਰਚ ਨੂੰ ਪੰਚਾਇਤ, ਤਹਿਸੀਲ ਤੇ ਜ਼ਿਲ੍ਹਾ ਪੱਧਰ ’ਤੇ ਕੀਤੇ ਜਾਣ ਵਾਲੇ ਰੋਸ ਮੁਜ਼ਾਹਰਿਆਂ ਦੀ ਸੰਯੁਕਤ ਕਿਸਾਨ ਮੋਰਚਾ ਹਮਾਇਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਟਿਕਰੀ ਤੋਂ ਇਲਾਵਾ ਸਿੰਘੂ, ਗਾਜ਼ੀਪੁਰ ਤੇ ਪਲਵਲ ਦੇ ਮੋਰਚਿਆਂ ’ਤੇ ਵੀ ਪੈਪਸੂ ਦੀ ਮੁਜਾਰਾ ਲਹਿਰ ਦਾ ਇਤਿਹਾਸ ਦੱਸਿਆ ਗਿਆ।
ਇਸੇ ਤਰ੍ਹਾਂ ਬਿਹਾਰ ਦੀ ਸੀਤਾਮੜੀ ’ਚ ਹਜ਼ਾਰਾਂ ਕਿਸਾਨਾਂ ਨੇ ਕਿਸਾਨ ਮਹਾਂਪੰਚਾਇਤ ’ਚ ਹਿੱਸਾ ਲਿਆ। ਮੌਜੂਦਾ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਬੰਗਲੌਰ ’ਚ ਸ਼ਰਧਾਂਜਲੀ ਸਮਾਰੋਹ ਹੋਇਆ। ਬੀਤੇ ਦਿਨ ‘ਮਿੱਟੀ ਸੱਤਿਆਗ੍ਰਹਿ ਯਾਤਰਾ’ ਬਰਵਾਨੀ ਰਾਜਘਾਟ (ਮੱਧ ਪ੍ਰਦੇਸ਼) ਤੋਂ ਚੱਲੀ ਹੈ। ਉੜੀਸਾ ਨਵ ਨਿਰਮਾਣ ਕ੍ਰਿਸ਼ਕ ਸੰਗਠਨ ਵੱਲੋਂ ਕੀਤੀ ਕਿਸਾਨ ਮਹਾਂਪੰਚਾਇਤ ’ਚ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂਆਂ ਨੇ ਹਿੱਸਾ ਲਿਆ। ਉੱਤਰਾਖੰਡ ’ਚ ਸ਼ੁਰੂ ਹੋਈ ਕਿਸਾਨ ਮਜ਼ਦੂਰ ਜਾਗ੍ਰਿਤੀ ਯਾਤਰਾ ਦੇ 14ਵੇਂ ਦਿਨ ਉੱਤਰ ਪ੍ਰਦੇਸ਼ ਦੇ ਸੀਤਾਪੁਰ ਪਹੁੰਚੀ।