ਨਵੀਂ ਦਿੱਲੀ, 9 ਦਸੰਬਰ
ਸੰਯੁਕਤ ਕਿਸਾਨ ਮੋਰਚਾ(ਐਸਕੇਐਮ) ਹੁਣ ਇਸ ਸੰਗਠਨ ਨੂੰ ‘ਕੌਮੀ ਪੱਧਰ ਦੇ ਮੋਰਚੇ’ ਵਜੋਂ ਪੇਸ਼ ਕਰਨ ਦੀ ਤਿਆਰੀ ਕਰੇਗਾ ਅਤੇ ਜਿਹੜੇ ਕਿਸਾਨ ਆਗੂ ਰਾਜਨੀਤੀ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਸੰਗਠਨ ਛੱਡ ਦੇਣਾ ਚਾਹੀਦਾ ਹੈ। ਇਹ ਗੱਲ ਐਸਕੇਐਮ ਕੋਰ ਕਮੇਟੀ ਦੇ ਮੈਂਬਰ ਦਰਸ਼ਨ ਪਾਲ ਨੇ ਕਹੀ। ਉਨ੍ਹਾਂ ਵੀਰਵਾਰ ਨੂੰ ਕਿਹਾ ਕਿ ਐਸਕੇਐਮ ਨੂੰ ਗੈਰ ਸਿਆਸੀ ਰਹਿਣਾ ਚਾਹੀਦਾ ਹੈ। ਉਨ੍ਹਾਂ ਦੀ ਇਹ ਟਿੱਪਣੀ ਐਸਕੇਐਮ ਵੱਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਨੂੰ ਮੁਲਤਵੀ ਕਰਨ ਦੇ ਫੈਸਲੇ ਬਾਅਦ ਆਈ ਹੈ। ਸੰਗਠਨ ਨੇ ਅਗਲੇ ਵਰ੍ਹੇ 15 ਜਨਵਰੀ ਨੂੰ ਮੀਟਿੰਗ ਸੱਦੀ ਹੈ, ਜਿਸ ਵਿੱਚ ਇਸ ਗੱਲ ’ਤੇ ਚਰਚਾ ਕੀਤੀ ਜਾਵੇਗੀ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਾਲਾਤ ਬਦਲਣ ਲਈ ਕਿਸਾਨਾਂ ਨੂੰ ਹੁਣ ਇਕ ਦਬਾਅ ਸਮੂਹ ਬਣਾਉਣਾ ਚਾਹੀਦਾ ਹੈ ਨਾ ਕਿ ਸਿਆਸੀ ਪਾਰਟੀ। -ਏਜੰਸੀ