ਨਵੀਂ ਦਿੱਲੀ, 8 ਦਸੰਬਰ
ਪੰਜਾਬ ਅਤੇ ਹਰਿਆਣਾ ਤੋਂ ਕਿਸਾਨ ਟਰੈਕਟਰ ਟਰਾਲੀਆਂ ਅਤੇ ਕਾਰਾਂ ਵਿੱਚ ਸਵਾਰ ਹੋ ਕੇ ਮੰਗਲਵਾਰ ਨੂੰ ਸਿੰਘੂ ਸਰਹੱਦ ’ਤੇ ਪੁੱਜੇ ਜਿੱਥੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲੋਂ ਸੱਦੇ ਭਾਰਤ ਬੰਦ ਕਾਰਨ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਭਾਰਤ ਬੰਦ ਕਾਰਨ ਲਗਾਤਾਰ 13 ਦਿਨਾਂ ਤੋਂ ਸਿੰਘੂ ਸਰਹੱਦ ’ਤੇ ਡਟੇ ਕਿਸਾਨਾਂ ਲਈ ਚੌਲ, ਆਟਾ, ਦਾਲ, ਤੇਲ, ਦੁੱਧ, ਸਾਬਣ ਅਤੇ ਹੋਰਨਾਂ ਲੋੜੀਂਦੀਆਂ ਚੀਜ਼ਾਂ ਦੀ ਪਹੁੰਚ ਪ੍ਰਭਾਵਿਤ ਹੋਵੇਗੀ। ਹਰਿਆਣਾ ਤੋਂ ਪੁੱਜੇ ਕਿਸਾਨ ਗੁਰਜੰਟ ਸਿੰਘ ਨੇ ਕਿਹਾ, ‘ ਸੁਭਾਵਿਕ ਤੌਰ ’ਤੇ ਰਾਸ਼ਨ ਦੀ ਪਹੁੰਚ ਪ੍ਰਭਾਵਿਤ ਹੋਵੇਗੀ ਪਰ ਅਗਲੇ ਦੋ ਤਿੰਨ ਮਹੀਨਿਆਂ ਲਈ ਸਾਡੇ ਕੋਲ ਲੋੜੀਂਦਾ ਭੰਡਾਰ ਹੈ। ਅਸੀਂ ਲੰਮੇ ਸਮੇਂ ਦੀ ਤਿਆਰੀ ਨਾਲ ਆਏ ਹਾਂ। ’’ ਉਨ੍ਹਾਂ ਕਿਹਾ ਕਿ ਇਥੇ ਕਿਸਾਨਾਂ ਦੀ ਗਿਣਤੀ ਵਧ ਰਹੀ ਹੈ ਅਤੇ ਵੱਡੀ ਗਿਣਤੀ ਲੋਕ ਸਾਈਕਲਾਂ ਅਤੇ ਬੈਲਗੱਡੀਆਂ ਨਾਲ ਆ ਰਹੇ ਹਨ। ਸਿੰਘੂ ਸਰਹੱਦ ਵੱਲ ਜਾ ਰਹੀਆਂ ਸੜਕਾਂ ’ਤੇ ਜ਼ਿਆਦਾਤਰ ਦੁਕਾਨਾਂ ਬੰਦ ਸਨ। ਬੰਦ ਦੇ ਮੱਦੇਨਜਰ਼ ਦਿੱਲੀ ਪੁਲੀਸ ਨੇ ਸਾਰੀਆਂ ਸਰਹੱਦਾਂ ’ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ।
– ਏਜਸੀ