ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਅਪਰੈਲ
ਕਿਸਾਨ ਆਗੂਆਂ ਨੇ ਭਾਜਪਾ ਦੇ ਆਈਟੀ ਸੈੱਲ ’ਤੇ ਦੋਸ਼ ਲਾਇਆ ਹੈ ਕਿ ਉਹ ਲਗਾਤਾਰ ਗੁੰਮਰਾਹਕੁਨ ਪ੍ਰਚਾਰ ਕਰ ਰਿਹਾ ਹੈ ਕਿ ਕਿਸਾਨਾਂ ਦੇ ਧਰਨੇ ਕਰੋਨਾ ਖਿਲਾਫ਼ ਲੜਾਈ ਵਿੱਚ ਰੁਕਾਵਟ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵੀ ਝੂਠ ਫੈਲਾਇਆ ਜਾ ਰਿਹਾ ਹੈ ਕਿ ਕਿਸਾਨਾਂ ਨੇ ਆਕਸੀਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਦੇ ਟਰੱਕਾਂ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਰੋਕ ਦਿੱਤਾ ਹੈ।
ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਭਾਜਪਾ ਦੇ ਇਨ੍ਹਾਂ ਸਾਰੇ ਯਤਨਾਂ ਦੀ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣੇ ਘਰਾਂ ਅਤੇ ਜ਼ਮੀਨਾਂ ਤੋਂ ਦੂਰ ਸੜਕਾਂ ’ਤੇ ਸੌਣ ਦਾ ਇਰਾਦਾ ਕਦੇ ਨਹੀਂ ਬਣਾਇਆ ਸੀ ਪਰ ਸਰਕਾਰ ਨੇ ਅਣਮਨੁੱਖੀ ਤਰੀਕੇ ਨਾਲ ਖੇਤੀ ਕਾਨੂੰਨ ਕਿਸਾਨਾਂ ’ਤੇ ਥੋਪੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕੋਈ ਨਵੀਂ ਚੀਜ਼ ਨਹੀਂ ਮੰਗ ਰਹੇ ਹਨ ਸਗੋਂ ਉਹ ਤਾਂ ਹੋਂਦ ਦੇ ਨਾਲ ਨਾਲ ਸਰਕਾਰ ਅਤੇ ਕਰੋਨਾ ਨਾਲ ਵੀ ਲੜ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਨੇ ਪਹਿਲੇ ਦਿਨ ਤੋਂ ਹੀ ਜ਼ਰੂਰੀ ਸੇਵਾਵਾਂ ਲਈ ਰਾਹ ਖੋਲ੍ਹੇ ਹੋਏ ਹਨ ਅਤੇ ਇਹ ਹੁਣ ਵੀ ਖੁਲ੍ਹੇ ਪਏ ਹਨ। ਉਂਜ ਸਰਕਾਰ ਵੱਲੋਂ ਲਗਾਏ ਗਏ ਵੱਡੇ ਬੈਰੀਕੇਡ ਸਭ ਤੋਂ ਵੱਡੀ ਰੁਕਾਵਟ ਹੈ। ਡਾ. ਦਰਸ਼ਨਪਾਲ ਨੇ ਕਿਹਾ,‘‘ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਦਿੱਲੀ ਦੀ ਤਾਲਾਬੰਦੀ ਖੋਲ੍ਹੇ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਕੋਰੋਨਾ ਖਿਲਾਫ਼ ਲੜਾਈ ਵਿਚ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਪਰ ਕਿਸਾਨ ਹਮੇਸ਼ਾ ਆਮ ਲੋਕਾਂ ਨਾਲ ਹੈ।’’ ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਦੇ ਵੱਡੇ ਜਥੇ ਦਿੱਲੀ ਵੱਲ ਆਉਣੇ ਸ਼ੁਰੂ ਹੋ ਗਏ ਹਨ। ਪਰਵਾਸੀ ਮਜ਼ਦੂਰਾਂ ਦੇ ਲੰਬੇ ਸਫ਼ਰ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਖ਼ਤਰਾ ਨਵ-ਉਦਾਰਵਾਦੀ ਨੀਤੀਆਂ ਦਾ ਨਤੀਜਾ ਹੈ ਜਿਸ ਦਾ ਵੱਡਾ ਹਿੱਸਾ ਤਿੰਨ ਖੇਤੀਬਾੜੀ ਕਾਨੂੰਨ ਹਨ। ਖੁੱਲ੍ਹੇ ਬਾਜ਼ਾਰ ਅਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਨਤੀਜਾ ਇਹ ਹੈ ਕਿ ਅੱਜ ਹਜ਼ਾਰਾਂ-ਲੱਖਾਂ ਮਜ਼ਦੂਰ ਸਸਤੀ ਆਮਦਨ ਲਈ ਸ਼ਹਿਰਾਂ ਵਿਚ ਭਟਕ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀ ਸੈਕਟਰ ਨੂੰ ਮਜ਼ਬੂਤ ਕਰਨ ਦੀ ਬਜਾਏ ਖੇਤੀ ਸੰਕਟ ਪੈਦਾ ਕਰਕੇ ਸ਼ਹਿਰਾਂ ਵਿਚ ਸਸਤੇ ਮਜ਼ਦੂਰ ਪੈਦਾ ਕਰਨਾ ਚਾਹੁੰਦੀ ਹੈ। ‘ਪਰ ਹੁਣ ਕਿਸਾਨ ਅਤੇ ਮਜ਼ਦੂਰ ਹਰ ਕੀਮਤ ’ਤੇ ਇਨ੍ਹਾਂ ਨੀਤੀਆਂ ਖਿਲਾਫ਼ ਲੜਾਈ ਲੜਨਗੇ।’ ਕਿਸਾਨ ਆਗੂਆਂ ਨੇ ਕਿਹਾ ਕਿ ਗਾਜ਼ੀਪੁਰ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਕਾਰਕੁਨਾਂ ਨੇ ਦਿੱਲੀ ਦੇ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਖਾਣੇ ਦੇ ਪੈਕੇਟ ਵੰਡਣੇ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨੀਂ ਆਨੰਦ ਵਿਹਾਰ ਬੱਸ ਅੱਡੇ ’ਤੇ ਪਰਵਾਸੀ ਮਜ਼ਦੂਰਾਂ ਨੂੰ ਭੋਜਨ ਦੇ ਪੈਕਟ ਵੰਡੇ ਗਏ।