ਨਵੀਂ ਦਿੱਲੀ: ਦਿੱਲੀ ਦੀਆਂ ਹੱਦਾਂ ’ਤੇ ਧਰਨਾ ਦੇ ਰਹੇ ਕਿਸਾਨ ਯੂਨੀਅਨਾਂ ਦੇ ਆਗੂਆਂ ਵੱਲੋਂ ਹਰਿਆਣਾ ਤੇ ਦਿੱਲੀ ਦੇ ਲੋਕਾਂ ਨੂੰ ਕਿਸਾਨਾਂ ਨਾਲ ਨਵੇਂ ਸਾਲ ਦਾ ਜ਼ਸ਼ਨ ਮਨਾਉਣ ਦੇ ਸੱਦੇ ਮਗਰੋਂ ਕਿਸਾਨ ਵੀ ਨਵਾਂ ਸਾਲ ਇਸ ਧਰਨੇ ਵਾਲੇ ਇਲਾਕੇ ਦੇ ਲੋਕਾਂ ਨਾਲ ਮਨਾਉਣ ਲਈ ਤਿਆਰ ਹਨ। ਲੰਗਰ ਤਿਆਰ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਪਹਿਲੀ ਜਨਵਰੀ ਨੂੰ ਲੋਕਾਂ ਦੇ ਇਕੱਠ ਨੂੰ ਦੇਖਦੇ ਹੋਏ ਉਹ ਤਿਆਰੀ ਕਰਨਗੇ ਤੇ ਉਸੇ ਮੁਤਾਬਕ ਲੰਗਰ ਤਿਆਰ ਕਰ ਸਕਦੇ ਹਨ। ਹੁਣ ਸਿੰਘੂ ਹੱਦ ’ਤੇ ਹਰੀਆਂ ਜਲੇਬੀਆਂ ਵੀ ਬਣਾ ਕੇ ਵਰਤਾਈਆਂ ਜਾ ਰਹੀਆਂ ਹਨ। ਸਿਰਫ਼ ਪ੍ਰਸ਼ਾਦੇ ਤੇ ਲੰਗਰ ਦੀ ਦਾਲ ਹੀ ਨਹੀਂ ਸਗੋਂ ਮੱਕੀ ਦੀ ਰੋਟੀ, ਸਰੋਂ ਦਾ ਸਾਗ ਦੇ ਨਾਲ-ਨਾਲ ਹਰਿਆਣਵੀਆਂ ਵੱਲੋਂ ਤਾਜ਼ੀ ਲੱਸੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਦਾਮਾਂ ਵਾਲੀ ਠੰਢਿਆਈ ਬਣਾ ਕੇ ਧਰਨੇ ਵਿੱਚ ਸ਼ਾਮਲ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਪਕੌੜੇ, ਚਾਹ, ਬਿਸਕੁਟ ਤੇ ਬਰੈੱਡ ਵੀ ਇੱਥੇ ਮਿਲਦੇ ਹਨ। ਫਲਾਂ ਵਿੱਚ ਕਿੰਨੂ, ਸੰਤਰੇ ਤੇ ਕੇਲਿਆਂ ਦੇ ਨਾਲ ਸੁੱਕੇ ਮੇਵਿਆਂ ਵਿੱਚੋਂ ਬਦਾਮ, ਖਜੂਰਾਂ ਵੀ ਦਾਨੀ ਲੋਕ ਵੰਡ ਜਾਂਦੇ ਹਨ।