ਨਵੀਂ ਦਿੱਲੀ, 20 ਦਸੰਬਰ
ਕਿਸਾਨਾਂ ਨੇ ਗਾਜ਼ੀਪੁਰ ਸਰਹੱਦ ’ਤੇ ਪ੍ਰਦਰਸ਼ਨਕਾਰੀਆਂ ਲਈ ‘ਨੇਕੀ ਕੀ ਦੀਵਾਰ’ ਬਣਾਈ ਹੈ। ਇਹ ਕੋਈ ਹੋਰ ਦੀਵਾਰ ਨਹੀਂ, ਇਕ ਦਿਨ ਪਹਿਲਾਂ ਤਕ ਸੜਕ ਕਿਨਾਰੇ ਸਥਿਤ ਇਹ ਦੀਵਾਰ ਇੱਟਾਂ ਤੇ ਸੀਮਿੰਟ ਦੀ ਸੀ ਪਰ ਹੁਣ ਇਹ ‘ਨੇਕੀ ਕੀ ਦੀਵਾਰ’ ਨਾਲ ਜਾਣੀ ਜਾਂਦੀ ਹੈ। ਇਸ ਦੀਵਾਰ ’ਤੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਗਾਜ਼ੀਪੁਰ ਸਰਹੱਦ ’ਤੇ ਬੈਠੇ ਪ੍ਰਦਰਸ਼ਨਕਾਰੀਆਂ ਲਈ ਕੱਪੜਿਆਂ ਤੋਂ ਲੈ ਕੇ ਟਾਇਲਟ ਦਾ ਸਾਮਾਨ ਤੇ ਦਵਾਈਆਂ ਆਦਿ ਉਪਲਬਧ ਕਰਵਾਈਆਂ ਜਾਂਦੀਆਂ ਹਨ। ਕੋਈ ਵੀ ਦੀਵਾਰ ’ਤੇ ਆਪਣੀ ਲੋੜ ਦੀਆਂ ਚੀਜ਼ਾਂ ਬਾਰੇ ਲਿਖ ਕੇ ਇਹ ਚੀਜ਼ਾਂ ਹਾਸਲ ਕਰ ਸਕਦਾ ਹੈ। ਗਾਜ਼ੀਪੁਰ ਸਰਹੱਦ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਸੁਵਿੰਦਰ ਸਿੰਘ ਨੇ ਕਿਹਾ, ‘‘ ਅਸੀਂ ਅੱਜ ਇਥੇ ‘ਨੇਕੀ ਕੀ ਦੀਵਾਰ’ ਸਥਾਪਤ ਕੀਤੀ ਹੈ। ਇਸ ਦਾ ਉਦੇਸ਼ ਪ੍ਰਦਰਸ਼ਨ ਕਰ ਰਹੇ ਆਪਣੇ ਕਿਸਾਨਾਂ ਭਰਾਵਾਂ ਅਤੇ ਭੈਣਾਂ ਨੂੰ ਪ੍ਰਦਰਸ਼ਨ ਲਈ ਪੂਰੀ ਤਰ੍ਹਾਂ ਤਿਆਰ ਕਰਨਾ ਤੇ ਇਹ ਯਕੀਨੀ ਬਣਾਉਣਾ ਹੈ ਕਿ ਉਹ ਠੰਡ ਦੇ ਇਸ ਮੌਸਮ ਵਿੱਚ ਆਪਣੇ ਆਪ ਨੂੰ ਗਰਮ ਰਖ ਸਕਣ। ਸੁਵਿੰਦਰ ਨੇ ਦੱਸਿਆ ਕਿ ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਸੜਕ ਕਿਨਾਰੇ ਕੰਧ ਨੇੜੇ ਦੋ ਵਿਸ਼ੇਸ਼ ਥਾਵਾਂ ਬਣਾਈਆਂ ਗਈਆਂ ਗਈਆਂ ਹਨ। ਇਕ ਥਾਂ ’ਤੇ ਲੋਕ ਜੋ ਕੁਝ ਦਾਨ ਕਰਨ ਚਾਹੁੰਦੇ ਹਨ ਉਸ ਨੂੰ ਰੱਖ ਸਕਦੇ ਹਨ ਤੇ ਦੂਜੀ ਥਾਂ ’ਤੋਂ ਉਹ ਆਪਣੀ ਜ਼ਰੂਰਤ ਦਾ ਸਾਮਾਨ ਲੈ ਸਕਦੇ ਹਨ ਤੇ ਜੇ ਉਹ ਸਾਮਾਨ ਉਪਲਬਧ ਨਹੀਂ ਹੈ ਤਾਂ ਉਹ ਆਪਣੀ ਲੋੜ ਕੰਧ ’ਤੇ ਲਿਖ ਸਕਦੇ ਹਨ ਤੇ ਉਹ ਸਾਮਾਨ ਉਨ੍ਹਾਂ ਨੂੰ ਉਪਲਬਧ ਕਰਵਾ ਦਿੱਤਾ ਜਾਵੇਗਾ। -ਏਜੰਸੀ