ਮਹਾਂਵੀਰ ਮਿੱਤਲ
ਜੀਂਦ, 14 ਮਾਰਚ
ਵਿਧਾਨ ਸਭਾ ਨਰਵਾਣਾ ਦੇ ਭਾਜਪਾ ਕਾਰਕੁਨਾਂ ਦੇ ਇੱਕ ਰੋਜ਼ਾ ਸਿਖਲਾਈ ਕੈਂਪ ਦਾ ਅੱਜ ਵੱਡੀ ਗਿਣਤੀ ਕਿਸਾਨਾਂ ਨੇ ਵਿਰੋਧ ਕੀਤਾ ਜਿਸ ਕਾਰਨ ਹਾਲਾਤ ਤਣਾਅ ਵਾਲੇ ਬਣੇ ਰਹੇ।
ਪ੍ਰਾਪਤ ਜਾਣਕਾਰੀ ਅਨੁਸਾਰ ਨਰਵਾਣਾ ਦੇ ਆਦਰਸ਼ ਸਕੂਲ ’ਚ ਭਾਜਪਾ ਕਾਰਕੁਨਾਂ ਦਾ ਸਿਖਲਾਈ ਕੈਂਪ ਰੱਖਿਆ ਗਿਆ ਸੀ। ਇਸ ਦੀ ਜਾਣਕਾਰੀ ਮਿਲਦੇ ਹੀ ਵੱਡੀ ਗਿਣਤੀ ’ਚ ਕਿਸਾਨ ਤੇ ਕਿਸਾਨ ਬੀਬੀਆਂ ਨੇ ਮੌਕੇ ’ਤੇ ਪਹੁੰਚ ਕੇ ਸਕੂਲ ਦਾ ਘਿਰਾਓ ਕਰ ਲਿਆ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦੇ ਵਿਰੋਧ ਦੀ ਸੂਚਨਾ ਮਿਲਦਿਆਂ ਹੀ ਭਾਜਪਾ ਕਾਰਕੁਨਾਂ ਨੇ ਸਕੂਲ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ ਪਰ ਕਿਸਾਨ ਸਕੂਲ ਗੇਟ ਉੱਤੇ ਹੀ ਖੜ੍ਹੇ ਨਾਅਰੇਬਾਜ਼ੀ ਕਰਦੇ ਰਹੇ। ਸੂਚਨਾ ਮਿਲਣ ’ਤੇ ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਤੇ ਭਾਜਪਾ ਆਗੂਆਂ ਦਾ ਟਕਰਾਅ ਤਾਂ ਰੁਕਵਾ ਦਿੱਤਾ ਪਰ ਜਦੋਂ ਤੱਕ ਪ੍ਰੋਗਰਾਮ ਬੰਦ ਨਹੀਂ ਕਰ ਦਿੱਤਾ ਗਿਆ ਉਦੋਂ ਤੱਕ ਕਿਸਾਨਾਂ ਨਾਅਰੇਬਾਜ਼ੀ ਕਰਦੇ ਰਹੇ। ਹਾਲਾਤ ਨੂੰ ਦੇਖਦਿਆਂ ਵੱਡੀ ਗਿਣਤੀ ’ਚ ਪੁਲੀਸ ਫੋਰਸ ਤੇ ਆਈਟੀਬੀਪੀ ਦੇ ਜਵਾਨ ਮੌਕੇ ’ਤੇ ਤਾਇਨਾਤ ਕਰ ਦਿੱਤੇ ਗਏ। ਪ੍ਰਸ਼ਾਸਨ ਨੇ ਕਈ ਸ਼ਿਫ਼ਟਾਂ ਵਿੱਚ ਭਾਜਪਾ ਕਾਰਕੁਨਾਂ ਨੂੰ ਸਕੂਲ ਤੋਂ ਬਾਹਰ ਕੱਢਿਆ। ਭਾਜਪਾ ਕਾਰਕੁਨਾਂ ਦੇ ਜਾਣ ਮਗਰੋਂ ਕਿਸਾਨ ਟੌਲ ਪਲਾਜ਼ੇ ਵੱਲ ਚਲੇ ਗਏ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਵਾਪਿਸ ਨਹੀਂ ਹੁੰਦੇ, ਉਦੋਂ ਤੱਕ ਭਾਜਪਾ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਵੇਗਾ। ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਵਰਿੰਦਰ ਸਿੰਘ ਨੇ ਦੱਸਿਆ ਕਿ ਭਾਜਪਾ ਦਾ ਇਹ ਸਿਖਲਾਈ ਕੈਂਪ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੋਣਾ ਸੀ ਪਰ ਕਿਸਾਨਾਂ ਦੇ ਵਿਰੋਧ ਕਾਰਨ ਇਸ ਨੂੰ ਦੁਪਹਿਰ ਸਮੇਂ ਹੀ ਖਤਮ ਕਰ ਦਿੱਤਾ ਗਿਆ।