ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 6 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਨੂੰ ਜਾਂਦੇ ਮਾਰਗਾਂ ਨੂੰ ਬੰਦ ਕਰਨ ਦਾ ਸਿਲਸਿਲਾ ਅੱਗੇ ਵਧ ਗਿਆ ਹੈ ਤੇ ਅੱਜ ਕਿਸਾਨਾਂ ਨੇ ਪਲਵਲ ਦੇ ਸੀਕਰੀ ਪਿੰਡ ਕੋਲ ਕੌਮੀ ਸ਼ਾਹਰਾਹ-2 ਦੀ ਦੋਵਾਂ ਪਾਸਿਆਂ ਦੀ ਆਵਾਜਾਈ ਬੰਦ ਕਰ ਦਿੱਤੀ।
ਪਹਿਲਾਂ ਇਹ ਕਿਸਾਨ ਸੜਕ ਕਿਨਾਰੇ ਧਰਨਾ ਲਾਈ ਬੈਠੇ ਸਨ, ਜਿਸ ਕਰਕੇ ਆਵਾਜਾਈ ਵਿੱਚ ਕੋਈ ਰੁਕਾਵਟ ਨਹੀਂ ਸੀ। ਮੱਧ ਪ੍ਰਦੇਸ਼ ਦੇ ਦਸੀਆ ਤੋਂ ਚੱਲੇ ਹੋਏ ਇਹ ਕਿਸਾਨ ਦਿੱਲੀ ਕੂਚ ਕਰਨਾ ਚਾਹੁੰਦੇ ਹਨ, ਪਰ ਸਥਾਨਕ ਪੁਲੀਸ ਨੇ ਪਹਿਲਾਂ ਹੀ ਉਨ੍ਹਾਂ ਨੂੰ ਰੋਕ ਲਿਆ।
ਇਸੇ ਦੌਰਾਨ ਫਰੀਦਾਬਾਦ ਦੇ ਸਿੱਖ ਭਾਈਚਾਰੇ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਤੇ ਧਰਨਾ ਦਿੱਤਾ। ਅਜਰੌਂਦਾ ਚੌਕ ਕੋਲ ਇਹ ਧਰਨਾ ਦਿੱਤਾ ਗਿਆ ਜਿਸ ਵਿੱਚ ਕਾਂਗਰਸੀ ਆਗੂ ਮਹਿੰਦਰ ਪ੍ਰਤਾਪ ਤੇ ਹੋਰ ਲੋਕ ਸ਼ਾਮਲ ਹੋਏ।
ਸਮਾਜ ਸੇਵੀ ਸੁਖਦੇਵ ਸਿੰਘ (ਜਨਰਲ ਸੱਕਤਰ ਸਿੰਘ ਸਭਾ ਪੰਚਾਇਤ) ਨੇ ਦੱਸਿਆ ਕਿ ਬੜਖਲ ਮੋੜ ਉਪਰ ਕੁੱਝ ਕਿਸਾਨਾਂ ਨੂੰ ਰੋਕ ਲਿਆ ਗਿਆ, ਜੋ ਦਿੱਲੀ ਜਾਣਾ ਚਾਹੁੰਦੇ ਸਨ। ਪਹਿਲਾਂ ਹੀ ਦਿੱਲੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਦੇ ਦਿੱਲੀ-ਕਰਨਾਲ ਮਾਰਗ, ਦਿੱਲੀ-ਗਾਜ਼ੀਆਬਾਦ ਤੇ ਦਿੱਲੀ-ਬਹਾਦਰਗੜ੍ਹ ਮਾਰਗਾਂ ਨੂੰ ਕਿਸਾਨਾਂ ਨੇ ਲਗਾਤਾਰ ਧਰਨੇ ਲਾ ਕੇ ਰੋਕ ਰੱਖਿਆ ਹੈ। ਹੁਣ ਫਰੀਦਾਬਾਦ-ਦਿੱਲੀ ਮਾਰਗ ਵੀ ਪ੍ਰਭਾਵਿਤ ਹੋਇਆ ਹੈ। ਨੋਇਡਾ ਦਾ ਮਾਰਗ ਵੀ ਕਿਸਾਨਾਂ ਨੇ ਬੰਦ ਕਰ ਦਿੱਤਾ ਸੀ। ਲੋਕਾਂ ਨੂੰ ਜਾਮ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।