ਨਵੀਂ ਦਿੱਲੀ, 20 ਸਤੰਬਰ
ਕਾਂਗਰਸ ਨੇ ਅੱਜ ਦੇਸ਼ ਅੰਦਰ ਹੋ ਰਹੀਆਂ ਕਿਸਾਨ ਖੁਦਕੁਸ਼ੀਆਂ ਲਈ ਹਾਕਮ ਭਾਜਪਾ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦਾਅਵਾ ਕੀਤਾ ਕਿ ਦੇਸ਼ ’ਚ ਹਰ ਘੰਟੇ ਇੱਕ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨਾਤੇ ਨੇ ਕਿਹਾ ਕਿ ਪੁਣੇ ਆਧਾਰਿਤ ਕਿਸਾਨ ਦਸ਼ਰਥ ਲਕਸ਼ਮਣ ਕੇਦਾਰੀ ਨੇ 17 ਸਤੰਬਰ ਨੂੰ ਖੁਦਕੁਸ਼ੀ ਕਰ ਲਈ ਸੀ ਅਤੇ ਉਸ ਨੇ ਖੁਦਕੁਸ਼ੀ ਨੋਟ ’ਚ ਲਿਖਿਆ ਸੀ ਕਿ ਉਸ ਕੋਲ ਆਪਣਾ ਕਰਜ਼ਾ ਮੋੜਨ ਲਈ ਪੈਸੇ ਨਹੀਂ ਹਨ ਤੇ ਉਸ ਦੀ ਮੌਤ ਲਈ ਭਾਜਪਾ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ।
ਉਨ੍ਹਾਂ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘ਕੇਦਾਰੀ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਜ਼ਿੰਦਗੀ ਮਜਬੂਰੀ ’ਚ ਖਤਮ ਕਰ ਰਿਹਾ ਹੈ। ਉਸ ਨੇ ਕਿਸਾਨਾਂ ਦੀ ਉਪਜ ਲਈ ਐੱਮਐੱਸਪੀ ਦੀ ਮੰਗ ਕੀਤੀ ਜੋ ਕਿਸਾਨਾਂ ਦਾ ਹੱਕ ਹੈ ਅਤੇ ਦੋਸ਼ ਲਾਇਆ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਉਸ ਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਫ਼ੈਸਲਾ ਕੀਤਾ ਹੈ।’ ਉਨ੍ਹਾਂ ਕਿਹਾ ਕਿ ਕਿਸਾਨ ਨੇ ਇਹ ਵੀ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰਫ਼ ਆਪਣੇ ਆਪ ਨਾਲ ਮਤਲਬ ਹੈ। ਉਨ੍ਹਾਂ ਕਿਹਾ ਕਿ ਸਾਲ 2021 ’ਚ ਖੇਤੀਬਾੜੀ ਨਾਲ ਜੁੜੇ 10,881
ਲੋਕਾਂ ਨੇ ਖੁਦਕੁਸ਼ੀ ਕੀਤੀ ਜੋ ਕਿ ਪਿਛਲੇ ਸਾਲ ਹੋਈਆਂ ਕੁੱਲ 1,64,033 ਖੁਦਕੁਸ਼ੀਆਂ ਦਾ 6.6 ਫੀਸਦ ਹਿੱਸਾ ਹੈ। ਉਨ੍ਹਾਂ ਕਿਹਾ, ‘ਇਸ ਦਾ ਮਤਲਬ ਇਹ ਹੈ ਕਿ ਹਰ ਰੋਜ਼ 30 ਕਿਸਾਨ ਖੁਦਕੁਸ਼ੀ ਕਰ ਰਹੇ ਹਨ ਤੇ ਹਰ ਘੰਟੇ ਇੱਕ ਤੋਂ ਵੱਧ ਕਿਸਾਨ ਦੀ ਮੌਤ ਹੋ ਰਹੀ ਹੈ। ਉਨ੍ਹਾਂ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਸਾਲ 2014 ਤੋਂ 2021 ਦਰਮਿਆਨ 53,881 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਤੇ ਇਹ ਔਸਤਨ ਰੋਜ਼ਾਨਾ 21 ਮੌਤਾਂ ਬਣਦੀਆਂ ਹਨ।’ -ਪੀਟੀਆਈ