ਲਖਨਊ, 29 ਨਵੰਬਰ
ਪੰਜਾਬ, ਹਰਿਆਣਾ ਅਤੇ ਯੂਪੀ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਹੱਦਾਂ ’ਤੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੇ ਜਾ ਰਹੇ ਮੁਜ਼ਾਹਰਿਆਂ ਦੌਰਾਨ ਉੱਤਰ ਪ੍ਰਦੇਸ਼ ਦੀਆਂ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਉਸ ਨੂੰ ਤਿੰਨਾਂ ਕਾਨੂੰਨਾਂ ’ਤੇ ਦੁਬਾਰਾ ਗੌਰ ਕਰਨ ਲਈ ਆਖਿਆ ਹੈ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਟਵੀਟ ਕੀਤਾ, ‘ਕੇਂਦਰ ਵੱਲੋਂ ਹਾਲੀਆ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਕਾਰਨ ਦੇਸ਼ ਦੇ ਕਿਸਾਨਾਂ ਵਿੱਚ ਗੁੱਸਾ ਹੈ ਅਤੇ ਉਹ ਅੰਦੋਲਨ ਕਰ ਰਹੇ ਹਨ। ਇਹ ਬੇਹਤਰ ਹੋਵੇਗਾ ਕਿ ਸਰਕਾਰ ਇਨ੍ਹਾਂ ਕਾਨੂੰਨਾਂ ’ਤੇ ਮੁੜ ਵਿਚਾਰ ਕਰੇ ਜੋ ਕਿਸਾਨਾਂ ਨਾਲ ਬਿਨਾਂ ਸਲਾਹ-ਮਸ਼ਵਰਾ ਕੀਤਿਆਂ ਲਾਗੂ ਲਾਗੂ ਕੀਤੇ ਗਏ ਹਨ।’ -ਪੀਟੀਆਈ
‘ਜੇ ਕਿਸਾਨ ਅਤਿਵਾਦੀ ਤਾਂ ਭਾਜਪਾ ਆਗੂ ਉਨ੍ਹਾਂ ਵੱਲੋਂ ਪੈਦਾ ਕੀਤਾ ਅਨਾਜ ਨਾ ਖਾਣ’
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਕੇਂਦਰ ਦੀ ਆਲੋਚਨਾ ਕਰਦਿਆਂ ਦੇਸ਼ ਨੂੰ ਅਮੀਰਾਂ ਕੋਲ ਕਥਿਤ ਗਹਿਣੇ ਰੱਖਣ ਦਾ ਦੋਸ਼ ਲਾਇਆ। ਉਨ੍ਹਾਂ ਟਵੀਟ ਕੀਤਾ, ‘ਅਤਿਵਾਦੀ ਕਹਿ ਕੇ ਕਿਸਾਨਾਂ ਦੀ ਬੇਇੱਜ਼ਤੀ ਕਰਨ ਨਾਲ ਭਾਜਪਾ ਦਾ ‘ਘਟੀਆ ਚਿਹਰਾ’ ਸਾਹਮਣੇ ਆਇਆ ਹੈ। ਭਾਜਪਾ, ਜੋ ਅਮੀਰਾਂ ਦਾ ਪੱਖ ਪੂਰਦੀ ਹੈ, ਖੇਤਾਂ, ਖੇਤੀ, ਛੋਟੇ ਉਦਯੋਗ, ਵਪਾਰ, ਸੜਕਾਂ, ਟਰਾਂਸਪੋਰਟ ਅਤੇ ਹੋਰ ਸਭ ਕੁਝ ਅਮੀਰਾਂ ਕੋਲ ਗਹਿਣੇ ਰੱਖਣ ਦੀ ਸਾਜ਼ਿਸ਼ ਕਰ ਰਹੀ ਹੈ।’ ਉਨ੍ਹਾਂ ਕਿਹਾ, ‘ਜੇਕਰ ਕਿਸਾਨ ਭਾਜਪਾ ਲਈ ਅਤਿਵਾਦੀ ਹਨ ਤਾਂ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੂੰ ਉਨ੍ਹਾਂ ਵੱਲੋਂ ਪੈਦਾ ਕੀਤਾ ਅਨਾਜ ਨਹੀਂ ਖਾਣਾ ਚਾਹੀਦਾ।’