ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਜਨਵਰੀ
ਦਿੱਲੀ-ਗਾਜ਼ੀਆਬਾਦ ਮਾਰਗ ’ਤੇ ਗਾਜ਼ੀਪੁਰ ਹੱਦ ’ਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚਾ ਗੱਡ ਕੇ ਬੈਠੇ ਕਿਸਾਨਾਂ ਵੱਲੋਂ ਇੱਥੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਇੱਥੇ ਖੜ੍ਹੀਆਂ ਸੈਂਕੜੇ ਟਰਾਲੀਆਂ ਨਾਲ ਕੌਮੀ ਮਾਰਗ-9 ਨੂੰ ਜਾਮ ਕੀਤਾ ਹੋਇਆ ਹੈ।
ਇਸ ਕੌਮੀ ਮਾਰਗ ’ਤੇ ਚਿੱੱਲਾ ਵਾਲੇ ਫਲਾਈਓਵਰ ’ਤੇ ਉੱਤਰ ਪ੍ਰਦੇਸ਼ ‘26’ ਦੇ ਇਲਾਕੇ ਦੇ ਕਿਸਾਨ ਮਲਕੀਤ ਸਿੰਘ ਨੇ ‘ਕਿਸਾਨ ਦਾ ਘਰ’ ਬਣਾਇਆ ਹੈ। ਇਸ ਘਰ ਨੂੰ ਕੁਦਰਤੀ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਕਿਸਾਨ ਘਰ ਦੀ ਦੇਖਭਾਲ ਕਰ ਰਹੇ ਇੱਕ ਨੌਜਵਾਨ ਨੇ ਦੱਸਿਆ ਕਿ ਇੱਥੇ ਆ ਕੇ ਕੋਈ ਵੀ ਵਿਅਕਤੀ ਆਰਾਮ ਕਰ ਸਕਦਾ ਹੈ, ਜਿਸ ਦਾ ਪ੍ਰਬੰਧ ਕੀਤਾ ਗਿਆ ਹੈ। ਮਲਕੀਤ ਸਿੰਘ ਨੇ ਫੁੱਲਾਂ ਨਾਲ ਘਰ ਬਣਾਉਣ ਦੇ ਨਾਲ ਉਸ ਨੇ ਖੇਤੀ ਬਾਰੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਲਿਖਿਆ ਹੈ, ‘ਮੇਰੇ ਖੇਤ ਮੇਰੀ ਭਾਸ਼ਾ ਤੇ ਵਿਰਾਸਤ ਦਾ ਅਹਿਸਾਸ ਕਰਵਾਉਂਦੇ ਹਨ। ਜਦੋਂ ਮੈਂ ਖੇਤਾਂ ਦੀਆਂ ਵੱਟਾਂ ’ਤੇ ਤੁਰਦਾ ਹਾਂ ਤਾਂ ਮੈਨੂੰ ਅਜਿਹਾ ਅਹਿਸਾਸ ਹੁੰਦਾ ਹੈ ਕਿ ਮੈਂ ਆਪਣੇ ਬਜ਼ੁਰਗਾਂ ਦੀ ਗੋਦ ਵਿੱਚ ਖੇਡ ਰਿਹਾ ਹਾਂ। ਮੇਰੇ ਖੇਤ ਮੇਰੀ ਅਤੇ ਆਉਣ ਵਾਲੀਆਂ ਨਸਲਾਂ ਦੀ ਵਿਰਾਸਤ ਹਨ, ਮੈਂ ਇਸ ਨੂੰ ਆਪਣੇ ਆਪ ਤੋਂ ਕਦੇ ਬੇਗਾਨਾ ਨਹੀਂ ਹੋਣ ਦੇਵਾਂਗਾ।’
ਮਲਕੀਤ ਵੱਲੋਂ ਇੱਥੇ ਗਮਲਿਆਂ ਵਿੱਚ ਸਦਾਬਹਾਰ ਕੈਕਟਸ ਸਮੇਤ ਹੋਰ ਮੌਸਮੀ ਫੁੱਲ ਲਾ ਕੇ ਦੇਖਣ ਵਾਲਿਆਂ ਲਈ ਇੱਕ ਦਿਲਕਸ਼ ਨਜ਼ਾਰਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਕਈ ਇਲਾਕੇ ਰਾਜਸਥਾਨ ਵਾਂਗ ‘ਚੱਕ’ ਨਾਲ ਪਛਾਣੇ ਜਾਂਦੇ ਹਨ। ਉਕਤ ਅੰਕ ‘26’ ਵੀ ਯੂਪੀ ਦੇ ਇਲਾਕੇ ਦੀ ਪਛਾਣ ਕਰਵਾਉਂਦਾ ਹੈ।