ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੀਆਂ ਹੱਦਾਂ ’ਤੇ 7 ਮਹੀਨਿਆਂ ਤੋਂ ਬਹੁਤ ਔਖੀਆਂ ਹਾਲਤਾਂ ਵਿੱਚ ਵੀ ਦ੍ਰਿੜ੍ਹਤਾ ਨਾਲ ਡਟੇ ਹੋਏ ਕਿਸਾਨਾਂ ਦੀ ਆਵਾਜ਼ ਨਾਲ ਮੈਦਾਨੀ ਇਲਾਕਿਆਂ ਦੇ ਨਾਲ ਨਾਲ ਪਹਾੜੀ ਇਲਾਕਿਆਂ ’ਚ ਪਹੁੰਚਣੀ ਸ਼ੁਰੂ ਹੋ ਗਈ ਹੈ। ਹੁਣ ਪ੍ਰੋਗਰੈਸਿਵ ਫਾਰਮਰਜ਼ ਫਰੰਟ ਦੀ ਟੀਮ ਨੇ ਕਾਰਗਿਲ ਤੇ ਲੱਦਾਖ ’ਚ ਵੀ ਕਿਸਾਨੀ ਝੰਡਾ ਲਹਿਰਾ ਦਿੱਤਾ ਹੈ। ਕਾਰਗਿੱਲ ਤੇ ਲੱਦਾਖ ਭਾਰਤੀ ਫ਼ੌਜਾਂ ਦੀ ਬਹਾਦੁਰੀ ਦੀਆਂ ਕਹਾਣੀਆਂ ਵਾਲੇ ਖੇਤਰ ਹਨ ਜਿੱਥੇ ਕਿਸਾਨਾਂ ਦੇ ਪੁੱਤਾਂ ਨੇ ਦੇਸ਼ ਖ਼ਾਤਰ ਸ਼ਹੀਦੀਆਂ ਪਾਈਆਂ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਪ੍ਰੋਗਰੈਸਿਵ ਫਾਰਮਰਜ਼ ਫਰੰਟ ਦੀ ਟੀਮ ਨੇ ਕਾਰਗਿਲ ਤੇ ਲੱਦਾਖ ’ਚ ਕਿਸਾਨੀ ਝੰਡਾ ਲਹਿਰਾਇਆ ਹੈ। ਹਰਿਆਣਾ ਦੇ ਸੋਨੀਪਤ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਗਾਜ਼ੀਪੁਰ ਬਾਰਡਰ ਪਹੁੰਚਿਆ। ਰਾਜਸਥਾਨ ਦੇ ਗੰਗਾਨਗਰ ’ਚ ਵੀ ਭਾਜਪਾ ਆਗੂਆਂ ਦੀ ਇੱਕ ਮੀਟਿੰਗ ਦੌਰਾਨ ਕਿਸਾਨਾਂ ਨੇ ਕਾਲ਼ੇ ਝੰਡੇ ਲੈ ਕੇ ਸ਼ਾਂਤਮਈ ਰੋਸ-ਪ੍ਰਦਰਸ਼ਨ ਕੀਤਾ। ਭਾਜਪਾ ਵਿਧਾਇਕ ਪਿਆਰੇ ਲਾਲ, ਰਾਮਪ੍ਰਤਾਪ ਅਤੇ ਵਨੀਤਾ ਆਹੂਜਾ ਖ਼ਿਲਾਫ਼ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕਿਸਾਨਾਂ ਵੱਲੋਂ ਭਾਜਪਾ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਦੇ ਆਗੂਆਂ ਦਾ ਵਿਰੋਧ ਜਾਰੀ ਹੈ। ਅੱਜ ਪੰਜਾਬ, ਹਰਿਆਣਾ ਅਤੇ ਰਾਜਸਥਾਨ ’ਚ ਵੱਖ ਵੱਖ ਥਾਵਾਂ ’ਤੇ ਕਾਲੀਆਂ-ਝੰਡੀਆਂ ਲੈ ਕੇ ਭਾਜਪਾ ਆਗੂਆਂ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਗਿਆ।