ਬੰਗਲੁਰੂ, 5 ਜੁਲਾਈ
ਕਰਨਾਟਕ ਦੇ ਪ੍ਰਸਿੱਧ ਸਰਲ ਵਾਸਤੂ ਮਾਹਿਰ ਚੰਦਰਸ਼ੇਖਰ ਗੁਰੂਜੀ ਦੀ ਹੁਬਲੀ ਦੇ ਇਕ ਹੋਟਲ ਵਿਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸਾਰੀ ਵਾਰਦਾਤ ਕੈਮਰੇ ਵਿਚ ਕੈਦ ਹੋ ਗਈ ਹੈ ਤੇ ਹਤਿਆਰਿਆਂ ਨੇ 27 ਸਕਿੰਟਾਂ ਵਿਚ ਵਾਸਤੂ ਸ਼ਾਸਤਰੀ ਦੇ 60 ਵਾਰ ਚਾਕੂ ਮਾਰਿਆ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਮ੍ਰਿਤਕ ਦੇ ਸਾਬਕਾ ਮੁਲਾਜ਼ਮ ਸਨ ਤੇ ਸਲਾਹ ਲੈਣ ਦੇ ਬਹਾਨੇ ਉਨ੍ਹਾਂ ਨੂੰ ਮਿਲਣ ਆਏ ਸਨ। ਇਕ ਗਵਾਹ ਨੇ ਦੱਸਿਆ ਕਿ ਚੰਦਰਸ਼ੇਖਰ ਦਾ ਆਸ਼ੀਰਵਾਦ ਲੈਣ ਬਹਾਨੇ ਹਮਲਾਵਰ ਹੋਟਲ ਦੀ ਲਾਬੀ ਵਿਚ ਆਏ ਤੇ ਸੋਫੇ ਉਤੇ ਬੈਠ ਗਏ। ਮਗਰੋਂ ਉਹ ‘ਗੁਰੂ ਜੀ’ ਦੇ ਨੇੜੇ ਆ ਗਏ ਤੇ ਗੱਲਬਾਤ ਕਰਨ ਲੱਗੇ। ਇਸ ਤੋਂ ਬਾਅਦ ਉਨ੍ਹਾਂ ਇਕਦਮ ਵਾਸਤੂਕਾਰ ਦੇ ਚਾਕੂ ਮਾਰ ਦਿੱਤੇ। ਪੁਲੀਸ ਨੇ ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋਵੇਂ ਵਾਰਦਾਤ ਨੂੰ ਅੰਜਾਮ ਦੇ ਕੇ ਘਟਨਾ ਸਥਾਨ ਤੋਂ ਫਰਾਰ ਹੋ ਗਏ ਸਨ। ਇਨ੍ਹਾਂ ਨੂੰ ਮਗਰੋਂ ਬੇਲਗਾਵੀ ਜ਼ਿਲ੍ਹੇ ਵਿਚੋਂ ਰਾਮਦੁਰਗ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੀਸੀਟੀਵੀ ਫੁਟੇਜ ਵਿਚ ਵੀ ਇਹ ਦੋਵੇਂ ਵਿਅਕਤੀ ਚਾਕੂ ਮਾਰਦੇ ਨਜ਼ਰ ਆ ਰਹੇ ਹਨ। ਕਤਲ ਪਿਛਲੇ ਕਾਰਨਾਂ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ। ਕਰਨਾਟਕ ਦੇ ਮੁੱਖ ਮੰਤਰੀ ਬਾਸਵਰਾਜ ਬੋਮਈ ਨੇ ਕਿਹਾ ਕਿ ਕਾਤਲਾਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਬਣਾਈ ਜਾਵੇਗੀ। -ਟਨਸ