ਨਵੀਂ ਦਿੱਲੀ, 21 ਨਵੰਬਰ
ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਪਤੀ ਜਾਂ ਪਤਨੀ ਖ਼ਿਲਾਫ਼ ਨਪੁੰਸਕ ਹੋਣ ਦੇ ਝੂਠੇ ਦੋਸ਼ ਲਾਊਣਾ ਜ਼ੁਲਮ ਦੇ ਬਰਾਬਰ ਹੈ। ਹਾਈ ਕੋਰਟ ਨੇ ਇਕ ਵਿਅਕਤੀ ਨੂੰ ਤਲਾਕ ਦੇਣ ਦੇ ਫ਼ੈਸਲੇ ਨੂੰ ਬਹਾਲ ਰੱਖਿਆ ਜਿਸ ਦੀ ਪਤਨੀ ਨੇ ਦਾਅਵਾ ਕੀਤਾ ਸੀ ਕਿ ਊਹ ਸਰੀਰਕ ਸਬੰਧ ਬਣਾਊਣ ਦੇ ਅਸਮਰੱਥ ਹੈ। ਹਾਈ ਕੋਰਟ ਨੇ ਵਿਅਕਤੀ ਦੇ ਵਕੀਲ ਵੱਲੋਂ ਦਿੱਤੇ ਗਏ ਦਸਤਾਵੇਜ਼ਾਂ ਨਾਲ ਸਹਿਮਤੀ ਜਤਾਈ ਕਿ ਪਤਨੀ ਵੱਲੋਂ ਲਾਏ ਗਏ ਦੋਸ਼ ਗੰਭੀਰ ਹਨ ਅਤੇ ਇਸ ਨਾਲ ਵਿਅਕਤੀ ਦੀ ਦਿੱਖ ਅਤੇ ਅਤੇ ਊਸ ਦੇ ਦਿਮਾਗ ’ਤੇ ਮਾੜਾ ਅਸਰ ਪੈ ਸਕਦਾ ਹੈ। ਜਸਟਿਸ ਮਨਮੋਹਨ ਅਤੇ ਜਸਟਿਸ ਸੰਜੀਵ ਨਰੂਲਾ ਦੇ ਬੈਂਚ ਨੇ ਕਿਹਾ ਕਿ ਊਨ੍ਹਾਂ ਨੂੰ ਕੇਸ ਦੀ ਸੁਣਵਾਈ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਵਿਅਕਤੀ ਦੇ ਕਮਜ਼ੋਰ ਹੋਣ ਦੇ ਸਬੂਤ ਨਹੀਂ ਮਿਲੇ ਹਨ। ਹਾਈ ਕੋਰਟ ਦਾ ਇਹ ਫ਼ੈਸਲਾ ਊਸ ਸਮੇਂ ਆਇਆ ਹੈ ਜਦੋਂ ਬੈਂਚ ਨੇ ਮਹਿਲਾ ਵੱਲੋਂ ਹੇਠਲੀ ਅਦਾਲਤ ਦੇ ਹੁਕਮਾਂ ਖ਼ਿਲਾਫ਼ ਦਾਖ਼ਲ ਅਪੀਲ ਨੂੰ ਖਾਰਜ ਕਰ ਦਿੱਤਾ। -ਪੀਟੀਆਈ