ਮੁੰਬਈ, 11 ਅਕਤੂਬਰ
ਏਵੀਏਸ਼ਨ ਰੈਗੂਲੇਟਰ ਡੀਜੀਸੀਏ ਨੇ ਏਅਰ ਏਸ਼ੀਆ ਦੇ ਜਹਾਜ਼ ਦਾ ਫੇਅਰਿੰਗ ਪੈਨਲ ਗਾਇਬ ਹੋਣ ਦੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਏਅਰ ਏਸ਼ੀਆ ਦਾ ਇਹ ਜਹਾਜ਼ ਸੋਮਵਾਰ ਨੂੰ ਮੁੰਬਈ ਹਵਾਈ ਅੱਡੇ ’ਤੇ ਉਤਰਿਆ ਸੀ ਤੇ ਉਸ ਦਾ ਫੇਅਰਿੰਗ ਪੈਨਲ ਗਾਇਬ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਜਹਾਜ਼ ’ਤੇ 143 ਯਾਤਰੀ ਸਵਾਰ ਸਨ ਤੇ ਉਡਾਣ ਬੰਗਲੁਰੂ ਤੋਂ ਮੁੰਬਈ ਆਈ ਸੀ। ਹਵਾਬਾਜ਼ੀ ਵਿੱਚ ਫੇਅਰਿੰਗ ਪੈਨਲ ਇਕ ਅਜਿਹਾ ਢਾਂਚਾ ਹੈ ਜੋ ਸੁਰੱਖਿਅਤ ਉਡਾਣ ਅਤੇ ਹਵਾ ਦੀ ਖਿੱਚ ਨੂੰ ਘਟਾਉਂਦਾ ਹੈ। ਏਅਰਲਾਈਨ ਵੱਲੋਂ ਅੱਜ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਏਅਰ ਏਸ਼ੀਆ ਦੀ ਆਈ 5-612 ਉਡਾਣ ਜੋ ਬੰਗਲੁਰੂ ਤੋਂ ਮੁੁੰਬਈ ਪੁੱਜੀ ਸੀ, ਦੀ ਜਾਂਚ ਦੌਰਾਨ ਫੇਅਰਿੰਗ ਪੈਨਲ ਦਾ ਇਕ ਹਿੱਸਾ ਗਾਇਬ ਸੀ। ਏਅਰਲਾਈਨ ਅਨੁਸਾਰ ਇਸ ਖਾਮੀ ਨੂੰ ਦੂਰ ਕਰ ਲਿਆ ਗਿਆ ਹੈ। -ਏਜੰਸੀ