ਮੁੰਬਈ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸੂਬੇ ਦੀ ਵਿਧਾਨ ਪਰਿਸ਼ਦ ਵਿੱਚ ਸਦਨ ਦਾ ਨੇਤਾ ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਅੱਜ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕੀਤਾ। ਸ਼ਿੰਦੇ ਨੇ ਸੂਬੇ ਦੀ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਅੱਜ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਨਵੇਂ ਮੈਂਬਰਾਂ ਦੀ ਉੱਪਰਲੇ ਸਦਨ ਨਾਲ ਜਾਣ-ਪਛਾਣ ਕਰਵਾਉਂਦਿਆਂ ਇਹ ਐਲਾਨ ਕੀਤਾ। ਉਪਰੰਤ, ਸੀਨੀਅਰ ਭਾਜਪਾ ਆਗੂ ਫੜਨਵੀਸ ਨੇ ਵਿਧਾਨ ਪਰਿਸ਼ਦ ਦੇ ਨਵੇਂ ਚੁਣੇ ਗਏ ਮੈਂਬਰਾਂ ਨਾਲ ਜਾਣ-ਪਛਾਣ ਕਰਵਾਈ। ਫੜਨਵੀਸ ਨਾਗਪੁਰ ਤੋਂ ਵਿਧਾਨ ਸਭਾ ਮੈਂਬਰ ਹਨ। ਇਸ ਦੌਰਾਨ ਵਿਧਾਨ ਸਭਾ ਦੇ ਉੱਪਰਲੇ ਸਦਨ ਨੇ ਇਕ ਮਤਾ ਪਾਸ ਕਰ ਕੇ ਦਰੋਪਦੀ ਮੁਰਮੂ ਤੇ ਜਗਦੀਪ ਧਨਖੜ ਨੂੰ ਉਨ੍ਹਾਂ ਦੀ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਵਜੋਂ ਹੋਈ ਚੋਣ ਲਈ ਵਧਾਈ ਵੀ ਦਿੱਤੀ। -ਪੀਟੀਆਈ