ਨਵੀਂ ਦਿੱਲੀ, 7 ਮਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਹ ਸਰਹੱਦੀ ਸੜਕ ਸੰਗਠਨ (ਬੀਆਰਓ) ਵੱਲੋਂ ਕਰਵਾਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਵਿਆਪਕ ਰੱਖਿਆ ਰਣਨੀਤੀ ਦਾ ਪ੍ਰਮੁੱਖ ਹਿੱਸਾ ਹੈ। ਰਾਜਨਾਥ ਨੇ ਕਿਹਾ, ‘‘ਸਾਡੀ ਪ੍ਰਮੁੱਖ ਤਰਜੀਹ ਉਨ੍ਹਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣਾ ਹੈ, ਜੋ ਸਾਡੀ ਸੁਰੱਖਿਆ ਲਈ ਦਿਨ-ਰਾਤ ਕੰਮ ਕਰ ਰਹੇ ਹਨ ਤੇ ਦੇਸ਼ ਦੀ ਸਰਹੱਦ ਦੇ ਪਹਿਰੇਦਾਰ ਹਨ।’’ ਰੱਖਿਆ ਮੰਤਰੀ ਨੇ ਦੇਸ਼ ਦੇ ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਬੀਆਰਓ ਦੀ ਪ੍ਰਸੰਸਾ ਵੀ ਕੀਤੀ। ਉਤਰ-ਪੂਰਬ ਖੇਤਰ ਦੇ ਵਿਕਾਸ ਦੀ ਉਦਾਹਰਣ ਦਿੰਦਿਆਂ ਰਾਜਨਾਥ ਨੇ ਕਿਹਾ ਕਿ ਇਹ ਹੁਣ ਦੇਸ਼ ਦੇ ਸਮੁੱਚੇ ਵਿਕਾਸ ਲਈ ‘ਨਵਾਂ ਪ੍ਰਵੇਸ਼ ਦੁਆਰ’ ਬਣ ਗਿਆ ਹੈ। ਉਨ੍ਹਾਂ ਕਿਹਾ, ‘‘ਮਨੁੱਖੀ ਸਭਿਅਤਾ ਦੇ ਸਫ਼ਰ ਵਿੱਚ ਸੜਕਾਂ ਦਾ ਬਹੁਤ ਵੱਡਾ ਮਹੱਤਵ ਰਿਹਾ ਹੈ। ਸਿੱਖਿਆ ਹੋਵੇ ਜਾਂ ਸਿਹਤ, ਵਪਾਰ ਹੋਵੇ ਜਾਂ ਭੋਜਨ ਸਪਲਾਈ, ਫ਼ੌਜਾਂ ਦੀਆਂ ਰਣਨੀਤਕ ਲੋੜਾਂ ਹੋਣ, ਉਦਯੋਗ ਹੋਵੇ ਜਾਂ ਸਮਾਜਿਕ-ਆਰਥਿਕ ਪ੍ਰਕਿਰਿਆ ਦੇ ਹੋਰ ਟੀਚੇ ਹੋਣ, ਸੜਕਾਂ ਅਤੇ ਪੁਲਾਂ ਦੀ ਇਨ੍ਹਾਂ ਨੂੰ ਪ੍ਰਾਪਤ ਕਰਨ ਵਿੱਚ ਅਹਿਮ ਭੂਮਿਕਾ ਰਹੀ ਹੈ।’’ -ਪੀਟੀਆਈ