ਨਵੀਂ ਦਿੱਲੀ: ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਫੇਸਬੁੱਕ ਭਾਰਤ ਵਿਚ ਚੋਣ ਪ੍ਰਕਿਰਿਆ ਨੂੰ ‘ਪ੍ਰਭਾਵਿਤ’ ਕਰ ਰਿਹਾ ਹੈ ਤੇ ਲੋਕਤੰਤਰ ਨੂੰ ‘ਖੂੰਜੇ ਲਾ ਰਿਹਾ ਹੈ’। ਪਾਰਟੀ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਤੋਂ ਕਰਵਾਈ ਜਾਵੇ। ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਕਿਹਾ ‘ਫੇਸਬੁੱਕ ਨੇ ਖ਼ੁਦ ਨੂੰ ਫੇਕਬੁੱਕ ਬਣਾ ਲਿਆ ਹੈ।’ ਵਿਰੋਧੀ ਧਿਰ ਨੇ ਫੇਸਬੁੱਕ ਦੀਆਂ ਲੀਕ ਹੋਈਆਂ ਅੰਦਰਲੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੰਪਨੀ ਨੇ ਭਾਰਤ ਵਿਚ ਆਪਣੇ ਪਲੈਟਫਾਰਮ ਉਤੇ ਚੱਲ ਰਹੀਆਂ ਨਫ਼ਰਤੀ ਪੋਸਟਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ। ਫੇਸਬੁੱਕ ਇੰਡੀਆ ਨੇ ਹਾਲੇ ਤੱਕ ਲੱਗੇ ਦੋਸ਼ਾਂ ਦਾ ਕੋਈ ਜਵਾਬ ਨਹੀਂ ਦਿੱਤਾ ਹੈ। ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਫੇਸਬੁੱਕ ਸੱਤਾਧਾਰੀ ਭਾਜਪਾ ਦਾ ਸਾਥ ਦੇ ਰਿਹਾ ਹੈ ਤੇ ਇਸ ਦੇ ਏਜੰਡੇ ਨੂੰ ਅੱਗੇ ਵਧਾ ਿਰਹਾ ਹੈ। ਜ਼ਿਕਰਯੋਗ ਹੈ ਕਿ ਫੇਸਬੁੱਕ ਦੇ ਸਾਬਕਾ ਕਰਮਚਾਰੀ ਫਰਾਂਸਿਸ ਹੌਗਨ ਨੇ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਸੀ ਕਿ ਹਿੰਦੀ ਤੇ ਬੰਗਾਲੀ ਵਿਚ ਨਫ਼ਰਤ ਭਰੀਆਂ ਪੋਸਟਾਂ ਵਿਰੁੱਧ ਸੋਸ਼ਲ ਮੀਡੀਆ ਕੰਪਨੀ ਨੇ ਕੋਈ ਫ਼ੈਸਲਾ ਨਹੀਂ ਲਿਆ। ਖੇੜਾ ਨੇ ਦੋਸ਼ ਲਾਇਆ ਕਿ ਫੇਸਬੁੱਕ ‘ਲੋਕਤੰਤਰ ਨੂੰ ਦਰਕਿਨਾਰ ਕਰ ਕੇ ਸਮਝੌਤਾ ਕਰ ਰਿਹਾ ਹੈ, ਫ਼ਰਜ਼ੀ ਪੋਸਟਾਂ ਰਾਹੀਂ ਲੋਕਾਂ ਦੀ ਮਾਨਸਿਕਤਾ ਨਾਲ ਖੇਡਿਆ ਜਾ ਰਿਹਾ ਹੈ।’ ਕਾਂਗਰਸ ਦੇ ਬੁਲਾਰੇ ਨੇ ਦੋਸ਼ ਲਾਇਆ ਕਿ ਭਾਜਪਾ ਵਰਕਰਾਂ ਤੇ ਇਨ੍ਹਾਂ ਦੇ ਹੋਰ ਸਾਥੀਆਂ ਨੇ ਫੇਸਬੁੱਕ ਦੀ ਕਾਰਜਪ੍ਰਣਾਲੀ ਤੇ ਢਾਂਚੇ ਵਿਚ ਘੁਸਪੈਠ ਕਰ ਲਈ ਹੈ। ਪਾਰਟੀ ਤਰਜਮਾਨ ਨੇ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕਿਵੇਂ ਫੇਸਬੁੱਕ ਨੇ ਸਿਰਫ਼ 0.2 ਪ੍ਰਤੀਸ਼ਤ ਨਫ਼ਰਤੀ ਭਾਸ਼ਣ ਹੀ ਪਲੈਟਫਾਰਮ ਤੋਂ ਹਟਾਏ ਹਨ। ਕੰਪਨੀ ਭਾਰਤ ਵਿਚ ਸਭ ਤੋਂ ਵੱਧ ਪੈਸੇ ਬਣਾ ਰਹੀ ਹੈ ਤੇ ਇਸ ਦੇ ਬਾਵਜੂਦ ਇਸ ਕੋਲ ਹਿੰਦੀ ਜਾਂ ਬੰਗਾਲੀ ਵਿਚ ਪੋਸਟ ਦੀ ਛਾਂਟੀ ਕਰਨ ਲਈ ਕੋਈ ਢਾਂਚਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਫੇਸਬੁੱਕ ਦੇ ਅੰਦਰੂਨੀ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਹੈ ਕਿ ਕੰਪਨੀ ਆਪਣੇ ਸਭ ਤੋਂ ਵੱਡੇ ਬਾਜ਼ਾਰ ਭਾਰਤ ਵਿਚ ਗੁੰਮਰਾਹਕੁਨ ਸੂਚਨਾਵਾਂ, ਨਫ਼ਰਤੀ ਭਾਸ਼ਣਾਂ ਤੇ ਹਿੰਸਾ ’ਤੇ ਜਸ਼ਨ ਮਨਾਉਣ ਨਾਲ ਜੁੜੀ ਸਮੱਗਰੀ ਦੀ ਸਮੱਸਿਆ ਨਾਲ ਜੂਝ ਰਹੀ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਦਿੱਲੀ ਦੰਗਿਆਂ ਤੇ ਪੱਛਮੀ ਬੰਗਾਲ ਚੋਣਾਂ ਦੌਰਾਨ ਫੇਸਬੁੱਕ ਦੀ ਭੂਮਿਕਾ ਸ਼ੱਕੀ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਚੋਣ ਘਪਲਾ ਹੈ ਤੇ ਵਿਦੇਸ਼ੀ ਕੰਪਨੀ ਦੀ ਸਾਡੀਆਂ ਚੋਣਾਂ ਵਿਚ ਇਹ ਗੰਭੀਰ ਦਖ਼ਲਅੰਦਾਜ਼ੀ ਹੈ। ਕਾਂਗਰਸ ਨੇ ਇਸ ਮਾਮਲੇ ’ਤੇ ਸਰਕਾਰ ਉਤੇ ਫੇਸਬੁੱਕ ਦੀ ਚੁੱਪ ਉਤੇ ਸਵਾਲ ਉਠਾਏ। ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਸਭ ਕੁਝ ਜਾਣਦੇ ਹੋਏ ਵੀ ਫੇਸਬੁੱਕ ਨੇ ਆਰਐੱਸਐੱਸ ਤੇ ਬਜਰੰਗ ਦਲ ਨੂੰ ‘ਖ਼ਤਰਨਾਕ ਸੰਗਠਨ’ ਕਿਉਂ ਨਹੀਂ ਐਲਾਨਿਆ ਜਦਕਿ ਅੰਦਰੂਨੀ ਰਿਪੋਰਟਾਂ ਵਿਚ ਇਸ ਦਾ ਜ਼ਿਕਰ ਹੈ। ਉਨ੍ਹਾਂ ਕਿਹਾ ਕਿ ਟਵਿੱਟਰ ਦੇ ਖ਼ਿਲਾਫ਼ ਤਾਂ ਸਰਕਾਰ ਬੜੀ ਸਰਗਰਮੀ ਨਾਲ ਕਦਮ ਚੁੱਕਦੀ ਰਹੀ ਹੈ ਪਰ ਹੁਣ ਕਿਉਂ ਚੁੱਪ ਹੈ। ਕਾਂਗਰਸ ਨੇ ਕਿਹਾ ਕਿ ਫੇਸਬੁੱਕ ਨੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨਾਲੋਂ ਵੱਧ ਵਪਾਰਕ ਹਿੱਤਾਂ ਨੂੰ ਪਹਿਲ ਦਿੱਤੀ ਹੈ। -ਪੀਟੀਆਈ