ਗੁਹਾਟੀ, 21 ਜੂਨ
ਪਿਛਲੇ ਹਫ਼ਤੇ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਭਿਆਨਕ ਹੜ੍ਹਾਂ ਨੇ ਅਸਾਮ ਦੇ 36 ਵਿੱਚੋਂ 32 ਜ਼ਿਲ੍ਹਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਹੁਣ ਤੱਕ ਕੁੱਲ 82 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 11 ਜਣਿਆਂ ਦੀ ਮੌਤ ਹੋਣ ਅਤੇ ਸੱਤ ਹੋਰਨਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ। ਉਨ੍ਹਾਂ ਦੱਸਿਆ ਕਿ ਬ੍ਰਹਮਪੁੱਤਰ ਅਤੇ ਬਰਾਕ ਨਦੀਆਂ ਦੇ ਨਾਲ ਨਾਲ ਇਸ ਦੀਆਂ ਸਹਾਇਕ ਨਦੀਆਂ ਦੇ ਊਫਾਨ ’ਤੇ ਹੋਣ ਨਾਲ ਅੱਜ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਮੁੜ ਗੰਭੀਰ ਹੋ ਗਈ ਹੈ। ਹੜ੍ਹਾਂ ਕਾਰਨ ਲਗਪਗ 48 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਸਾਮ ਦੀ ਬਰਾਕ ਘਾਟੀ ਦੇ ਕਛਾਰ ਵਿੱਚ ਬਚਾਅ ਮੁਹਿੰਮ ਚਲਾਉਣ ਲਈ ਐੱਨਡੀਆਰਐੱਫ ਦੀਆਂ ਟੀਮਾਂ ਭੇਜੀਆਂ ਗਈਆਂ ਹਨ।
ਮੁੱਖ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਨੇ ਕਿਹਾ ਕਿ ਭਾਰੀ ਮੀਂਹ ਮਗਰੋਂ ਬਰਾਕ ਅਤੇ ਕੁਸ਼ਿਆਰਾ ਨਦੀਆਂ ਦੇ ਊਫ਼ਾਨ ’ਤੇ ਆਉਣ ਕਾਰਨ ਕਰੀਮਗੰਜ ਅਤੇ ਕਛਾਰ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਇੱਥੇ ਬਚਾਅ ਮੁਹਿੰਮ ਚਲਾਉਣ ਲਈ ਨੈਸ਼ਨਲ ਡਿਸਐਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੀਆਂ ਚਾਰ ਯੂਨਿਟਾਂ ਨੂੰ ਭੁਬਨੇਸ਼ਵਰ ਤੋਂ ਸਿਲਚਰ ਭੇਜਿਆ ਗਿਆ ਹੈ।
ਅਸਾਮ ਦੀ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ (ਏਐੱਸਡੀਐੱਮਏ) ਵੱਲੋਂ ਜਾਰੀ ਬੁਲੇਟਿਨ ਮੁਤਾਬਕ, ਹੜ੍ਹਾਂ ਕਾਰਨ ਕਛਾਰ ਦੇ 449 ਪਿੰਡ ਅਤੇ ਕਰੀਮਗੰਜ ਦੇ 305 ਪਿੰਡ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦੀ ਆਬਾਦੀ ਕ੍ਰਮਵਾਰ 2.07 ਲੱਖ ਅਤੇ 1.34 ਲੱਖ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਹੜ੍ਹਾਂ ਕਾਰਨ ਫ਼ਸਲ ਦਾ ਕੁੱਲ 1,13,485.37 ਹੈਕਟੇਅਰ ਰਕਬਾ ਤੇ 33,84,326 ਪਸ਼ੂ ਪ੍ਰਭਾਵਿਤ ਹੋਏ ਹਨ, ਜਦੋਂਕਿ 5232 ਪਸ਼ੂ ਪਾਣੀ ’ਚ ਵਹਿ ਗਏ ਹਨ। -ਪੀਟੀਆਈ
ਦਲਾਈਲਾਮਾ ਨੇ ਅਸਾਮ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ
ਧਰਮਸ਼ਾਲਾ: ਤਿੱਬਤ ਦੇ ਅਧਿਆਤਮਿਕ ਆਗੂ ਦਲਾਈਲਾਮਾ ਨੇ ਅੱਜ ਹੜ੍ਹ ਪ੍ਰਭਾਵਿਤ ਅਸਾਮ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਸੂਬੇ ਨੂੰ ਦਾਨ ਦੇਣ ਦਾ ਸੰਕਲਪ ਲਿਆ। ਦਲਾਈਲਾਮਾ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਨੂੰ ਲਿਖੇ ਪੱਤਰ ਵਿੱਚ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ ਸੂਬੇ ਵਿੱਚ ਜਾਨੀ-ਮਾਲੀ ਨੁਕਸਾਨ ਹੋਣ, ਲੱਖਾਂ ਲੋਕਾਂ ਦੇ ਬੇਘਰ ਹੋਣ ਅਤੇ ਜਾਇਦਾਦ ਤਬਾਹ ਹੋਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਲਿਖਿਆ, ‘‘ਬਹੁਤ ਹੀ ਮੰਦਭਾਗਾ ਹੈ ਕਿ ਮੌਨਸੂਨੀ ਬਾਰਿਸ਼ ਅਸਾਮ ਅਤੇ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਸਾਲ ਦਰ ਸਾਲ ਤਬਾਹੀਂ ਮਚਾਉਂਦੀ ਆ ਰਹੀ ਹੈ। ਮੈਂ ਹਾਲ ਹੀ ਵਿੱਚ ਤੁਹਾਡੇ ਸੂਬੇ ਵਿੱਚ ਆਏ ਹੜ੍ਹਾਂ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਈਆਂ ਸਮੱਸਿਆਂ ਬਾਰੇ ਉਨ੍ਹਾਂ ਨਾਲ ਦੁੱਖ ਪ੍ਰਗਟ ਕਰਨਾ ਚਾਹਾਂਗਾ।’’ -ਪੀਟੀਆਈ