ਗੁਹਾਟੀ, 20 ਜੂਨ
ਅਸਾਮ ਵਿੱਚ ਹੜ੍ਹਾਂ ਕਾਰਨ ਸਥਿਤੀ ਗੰੰਭੀਰ ਬਣੀ ਹੋਈ ਹੈ, ਜਿਸ ਕਾਰਨ ਸੂਬੇ ਦੇ 35 ਵਿੱਚੋਂ 33 ਜ਼ਿਲ੍ਹਿਆਂ ਵਿੱਚ 43 ਲੱਖ ਦੀ ਆਬਾਦੀ ਪ੍ਰਭਾਵਿਤ ਹੋਈ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਹਵਾਈ ਮਾਰਗ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਖਾਣ-ਪੀਣ ਦਾ ਸਾਮਾਨ ਅਤੇ ਹੋਰ ਰਾਹਤ ਸਮੱਗਰੀ ਭੇਜਣ ਦਾ ਨਿਰਦੇਸ਼ ਦਿੱਤਾ ਹੈ। ਅੱਜ ਇੱਥੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਦਿਨ ਵਿੱਚ ਆਪਣੇ ਕੈਬਨਿਟ ਸਹਿਯੋਗੀਆਂ ਅਤੇ ਸੀਨੀਅਰ ਜ਼ਿਲ੍ਹਾ ਅਧਿਕਾਰੀਆਂ ਨਾਲ ਹਾਲਾਤ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੌਰਾਨ ਇਹ ਨਿਰਦੇਸ਼ ਦਿੱਤਾ। ਸੂਬੇ ਵਿੱਚ ਸੋਮਵਾਰ ਨੂੰ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 73 ਹੋ ਗਈ ਹੈ। ਮ੍ਰਿਤਕਾਂ ਵਿੱਚ ਨਗਾਉਂ ਜ਼ਿਲ੍ਹੇ ਦੇ ਇੱਕ ਥਾਣਾ ਮੁਖੀ ਸਮੇਤ ਦੋ ਪੁਲੀਸ ਕਰਮੀ ਸ਼ਾਮਲ ਹਨ, ਜੋ ਫਸੇ ਲੋਕਾਂ ਦੀ ਮਦਦ ਲਈ ਗਏ ਸਨ ਪਰ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਏ।
ਮੁੱਖ ਮੰਤਰੀ ਨੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤਾ ਕਿ ਜਿੱਥੇ ਹੜ੍ਹਾਂ ਕਾਰਨ ਸਥਿਤੀ ਗੰਭੀਰ ਹੈ ਅਤੇ ਫ਼ੌਜ, ਐੱਨਡੀਆਰਐੱਡ ਜਾਂ ਐੱਸਡੀਆਰਐੱਫ ਦੀਆਂ ਕਿਸ਼ਤੀਆਂ ਨਹੀਂ ਪਹੁੰਚ ਸਕਦੀਆਂ, ਉੱਥੇ ਹੈਲੀਕਾਪਟਰਾਂ ਦੀ ਮਦਦ ਨਾਲ ਰਾਹਤ ਸਮੱਗਰੀ ਪਹੁੰਚਾਈ ਜਾਵੇ।
ਕੇਂਦਰੀ ਜਲ ਕਮਿਸ਼ਨ ਅਨੁਸਰਾਰ ਕੋਪਿਲੀ ਨਦੀ ਨਗਾਉਂ ਜ਼ਿਲ੍ਹੇ ਦੇ ਕਾਮਰੂਪ ਵਿੱਚ ਅਤੇ ਬ੍ਰਹਮਪੁੱਤਰ ਨਦੀ ਨਿਮਾਟੀਘਾਟ, ਤੇਜ਼ਪੁਰ, ਗੁਹਾਟੀ, ਕਾਮਰੂਪ, ਗੋਲਪਾੜਾ, ਧੁਬਰੀ, ਸੁਬਨਸਿਰੀ, ਪੁਥੀਮਾਰੀ, ਪਗਲਾਡੀਆ, ਮਾਨਸ, ਬੇਕੀ ਬਰਾਕ ਅਤੇ ਕੁਸ਼ਿਆਰਾ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। -ਪੀਟੀਆਈ
ਦਿੱਲੀ ਵਿੱਚ ਆਮ ਵਾਂਗ 27 ਤੱਕ ਪੁੱਜੇਗਾ ਮੌਨਸੂਨ
ਨਵੀਂ ਦਿੱਲੀ: ਮੌਸਮ ਵਿਗਿਆਨੀਆਂ ਅਨੁਸਾਰ ਦੱਖਣ-ਪੱਛਮੀ ਮੌਨਸੂਨ ਆਮ ਮਿਤੀ ਵਾਂਗ 27 ਜੂਨ ਨੂੰ ਦਿੱਲੀ ਪਹੁੰਚ ਜਾਵੇਗਾ ਅਤੇ ਜੂਨ ਦੇ ਅੰਤ ਤੱਕ ਮੀਂਹ ਦੀ ਘਾਟ ਪੂਰੀ ਹੋ ਜਾਵੇਗੀ। ਦਿੱਲੀ ਵਿੱਚ ਪ੍ਰੀ-ਮੌਨਸੂੁਨ ਕਾਰਨ ਤਿੰਨ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪਾਰਾ ਡਿੱਗ ਕੇ 30 ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਹੈ। ਸਕਾਈਮੈੱਟ ਵੈਦਰ ਦੇ ਪ੍ਰਧਾਨ ਅਤੇ ਮੌਸਮ ਵਿਗਿਆਨੀ ਜੀਪੀ ਸ਼ਰਮਾ ਨੇ ਕਿਹਾ ਕਿ ਅਗਲੇ ਦੋ-ਤਿੰਨ ਦਿਨਾਂ ਵਿੱਚ ਪੱਛਮੀ ਬੰਗਾਲ, ਉੱਤਰੀ ਉੜੀਸਾ ਅਤੇ ਨਾਲ ਲੱਗਦੇ ਬੰਗਲਾਦੇਸ਼ ਦੇ ਕੁਝ ਹਿੱਸਿਆਂ ਵਿੱਚ ਚੱਕਰਵਾਤੀ ਤੂਫ਼ਾਨ ਆਵੇਗਾ, ਜੋ ਗੰਗਾ ਦੇ ਮੈਦਾਨੀ ਖੇਤਰਾਂ ਵਿੱਚ ਹਵਾ ਦਾ ਰੁਖ਼ ਬਦਲ ਦੇਵੇਗਾ। ਉਨ੍ਹਾਂ ਕਿਹਾ, ‘‘ਇਹ ਚੱਕਰਵਾਤੀ ਤੂਫ਼ਾਨ ਆਮ ਪੂਰਬੀ ਵਹਾਅ ਨੂੰ ਸ਼ੁਰੂ ਕਰੇਗਾ, ਜੋ ਉੱਤਰ-ਪੱਛਮੀ ਭਾਰਤ ਵਿੱਚ ਮੌਨਸੂਨ ਦੇ ਅੱਗੇ ਵਧਣ ਲਈ ਮਹੱਤਵਪੂਰਨ ਹੈ। ਦਿੱਲੀ ਵਿੱਚ ਮੌਨਸੂਨ ਦੀ ਪਹਿਲੀ ਬਾਰਿਸ਼ 27 ਜੂਨ ਦੇ ਆਸ-ਪਾਸ ਹੋਵੇਗੀ।’’ -ਪੀਟੀਆਈ