ਨਵੀਂ ਦਿੱਲੀ, 8 ਜੂਨ
ਕਾਂਗਰਸ ਨੇ ਹਮਲਾ ਤੇਜ਼ ਕਰਦਿਆਂ ਅੱਜ ਭਾਜਪਾ ’ਤੇ ਪਾਰਟੀ ਦੇ ਜ਼ਹਿਰ ਉਗਲਣ ਵਾਲੇ ਆਗੂਆਂ ਨੂੰ ਸ਼ਹਿ ਦੇਣ ਦਾ ਦੋਸ਼ ਲਗਾਇਆ ਅਤੇ ਭਾਜਪਾ ਦੀ ਤਰਜਮਾਨ (ਹੁਣ ਅਹੁਦੇ ਤੋਂ ਹਟਾਈ ਜਾ ਚੁੱਕੀ) ਵੱਲੋਂ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀ ਗਈ ਟਿੱਪਣੀ ਤੋਂ ਕੌਮਾਂਤਰੀ ਪੱਧਰ ’ਤੇ ਛਿੜੇ ਵਿਵਾਦ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਧਾਰੀ ਚੁੱਪ ’ਤੇ ਸਵਾਲ ਉਠਾਏ। ਵਿਰੋਧੀ ਪਾਰਟੀ ਨੇ ਕਿਹਾ ਕਿ ਕੱਲ੍ਹ ਦੇ ਬਾਹਰਲੇ ਤੱਤ (ਫਰਿੰਜ) ਅੱਜ ਭਾਜਪਾ ਦੀ ਮੁੱਖ ਧਾਰਾ ਹਨ ਅਤੇ ਅੱਜ ਦੇ ਬਾਹਰਲੇ ਤੱਤ ਪਾਰਟੀ ਦੀ ਭਲਕ ਦੀ ਮੁੱਖ ਧਾਰਾ ਹੋਣਗੇ। ਭਾਜਪਾ ਆਗੂਆਂ ਨੂਪੁਰ ਸ਼ਰਮਾ ਤੇ ਨਵੀਨ ਕੁਮਾਰ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਦੀ ਵੱਖ-ਵੱਖ ਇਸਲਾਮਿਕ ਮੁਲਕਾਂ ਵੱਲੋਂ ਆਲੋਚਨਾ ਕੀਤੀ ਗਈ। ਉਪਰੰਤ ਭਾਰਤੀ ਸਫ਼ਾਰਤਖਾਨਿਆਂ ਵੱਲੋਂ ਭਾਜਪਾ ਦੇ ਬਿਆਨ ਅੱਗੇ ਭੇਜੇ ਜਾਣ ’ਤੇ ਕਾਂਗਰਸ ਨੇ ਇਤਰਾਜ਼ ਦਾਇਰ ਕੀਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਬਾਹਰਲੇ ਤੱਤ ਭਾਜਪਾ ਦਾ ਧੁਰਾ ਹਨ।’’ ਉਨ੍ਹਾਂ ਅਮਿਤ ਸ਼ਾਹ, ਯੋਗੀ ਆਦਿੱਤਿਆਨਾਥ, ਅਨੁਰਾਗ ਠਾਕੁਰ ਅਤੇ ਸਾਧਵੀ ਪ੍ਰੱਗਿਆ ਵਰਗੇ ਭਾਜਪਾ ਆਗੂਆਂ ਵੱਲੋਂ ਪਿਛਲੇ ਸਮੇਂ ਵਿੱਚ ਦਿੱਤੇ ਗਏ ਵਿਵਾਦਤ ਬਿਆਨਾਂ ਦਾ ਜ਼ਿਕਰ ਵੀ ਕੀਤਾ। ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਦੋਸ਼ ਲਗਾਇਆ ਕਿ ਭਾਰਤ ਭਾਜਪਾ ਵੱਲੋਂ ਸਾਲਾਂ ਤੋਂ ਕੀਤੀਆਂ ਜਾ ਰਹੀਆਂ ਗਲਤੀਆਂ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ ਜੋ ਕਿਸੇ ਕੀਮਤ ’ਤੇ ਮਨਜ਼ੂਰ ਨਹੀਂ। -ਪੀਟੀਆਈ