ਨਵੀਂ ਦਿੱਲੀ, 4 ਫਰਵਰੀ
ਸੀਨੀਅਰ ਕਾਂਗਰਸੀ ਆਗੂ ਪੀ.ਚਿਦੰਬਰਮ ਨੇ ਵਿਦੇਸ਼ ਮੰਤਰਾਲੇ ਦੇ ਇਸ ਬਿਆਨ ਕਿ ਨਵੇਂ ਖੇਤੀ ਕਾਨੂੰਨ ਸੰਸਦ ਵਿੱਚ ਮੁਕੰਮਲ ਵਿਚਾਰ ਚਰਚਾ ਤੋਂ ਬਾਅਦ ਹੀ ਪਾਸ ਕੀਤੇ ਗਏ ਹਨ, ਨੂੰ ‘ਸੱਚ ਦਾ ਮਖੌਲ ਉਡਾਉਣਾ’ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਲੰਘੇ ਦਿਨ ਅਮਰੀਕੀ ਪੌਪ ਗਾਇਕਾ ਰਿਹਾਨਾ ਤੇ ਹੋਰਨਾਂ ਕੌਮਾਂਤਰੀ ਹਸਤੀਆਂ ਨੂੰ ਕਿਸਾਨ ਅੰਦੋਲਨ ਬਾਰੇ ਕੀਤੇ ਟਵੀਟਾਂ ਲਈ ਭੰਡਦਿਆਂ ਕਿਹਾ ਸੀ ਕਿ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਸਬੰਧਤ ਮੁੱਦੇ ਦੇ ਤੱਥਾਂ ਬਾਰੇ ਜਾਣ ਲੈਣਾ ਚਾਹੀਦਾ ਹੈ। ਮੰਤਰਾਲੇ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਸੰਸਦ ਵਿੱਚ ਮੁਕੰਮਲ ਵਿਚਾਰ ਚਰਚਾ ਤੋਂ ਬਾਅਦ ਹੀ ਹਰੀ ਝੰਡੀ ਦਿੱਤੀ ਗਈ ਸੀ। -ਏਜੰਸੀ