ਨਵੀਂ ਦਿੱਲੀ, 12 ਜੁਲਾਈ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 13 ਅਤੇ 14 ਜੁਲਾਈ ਤਾਜਿਕਸਤਾਨ ਦਾ ਦੌਰਾ ਕਰਨਗੇ, ਜਿੱਥੇ ਉਹ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ ਕੌਂਸਲ (ਐੱਸਸੀਓਸੀ) ਦੇ ਵਿਦੇਸ਼ ਮੰਤਰੀਆਂ ਤੇ ਅਫ਼ਗਾਨਿਸਤਾਨ ’ਤੇ ਐੱਸਸੀਓ ਕਾਟੈਕਟ ਗਰੁੱਪ ਦੀਆਂ ਮੀਟਿੰਗਾਂ ’ਚ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ ’ਚ ਦੱਸਿਆ ਕਿ ਐੱਸਸੀ ਕੌਂਸਲ ਦੇ ਵਿਦੇਸ਼ ਮੰਤਰੀ ਮੀਟਿੰਗ ’ਚ ਸੰਸਥਾ ਦੀ 20ਵੀਂ ਵਰ੍ਹੇਗੰਢ ਮੌਕੇ ਇਸ ਦੀਆਂ ਪ੍ਰਾਪਤੀਆਂ ਬਾਰੇ ਚਰਚਾ ਕਰਨਗੇ। ਇਸ ਮੀਟਿੰਗ ਦੌਰਾਨ ਐੱਸਸੀਓ ਕੌਂਸਲ ਮੈਂਬਰ ਦੇਸ਼ਾਂ ਦੇ ਮੁਖੀਆਂ ਦੀ ਆਗਾਮੀ 16 ਤੇ 17 ਸਤੰਬਰ ਨੂੰ ਦੁਸ਼ਾਂਬੇ ’ਚ ਹੋਣ ਵਾਲੀ ਮੀਟਿੰਗ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਜਾਵੇਗਾ। ਵਿਦੇਸ਼ ਮੰਤਰਾਲੇ ਮੁਤਾਬਕ ਸ੍ਰੀ ਜੈਸ਼ੰਕਰ ਆਪਣੇ ਤਾਜਿਕਸਤਾਨੀ ਹਮਰੁਤਬਾ ਸਿਰੋਜੀਦੀਨ ਮੁਹਰਿਦਦੀਨ ਦੀ ਸੱਦੇ ’ਤੇ ਤਾਜਿਕਸਤਾਨ ਦਾ ਦੌਰੇ ਕਰਨਗੇ। ਐੱਸਸੀਓ ਦੀ ਸਥਾਪਨਾ ਸੰੰਘਾਈ ਸੰਮੇਲਨ 2001 ਦੌਰਾਨ ਰੂਸ, ਚੀਨ, ਕਿਰਗਿਜ਼ ਰਿਪਬਲਿਕ, ਕਜ਼ਾਖ਼ਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਦੇ ਪ੍ਰਧਾਨ ਮੰਤਰੀਆਂ ਵੱਲੋਂ ਕੀਤੀ ਗਈ ਸੀ। ਭਾਰਤ ਅਤੇ ਪਾਕਿਸਤਾਨ 2017 ’ਚ ਇਸ ਦੇ ਸਥਾਈ ਮੈਂਬਰ ਬਣੇ ਸਨ। ਪੀਟੀਆਈ