ਨਵੀਂ ਦਿੱਲੀ: ਔਰਤਾਂ ਦੇ ਵਿਆਹ ਦੀ ਉਮਰ ਦੇ ਮੁੱਦੇ ’ਤੇ ਵਿਚਾਰ ਕਰ ਰਹੀ ਸੰਸਦ ਦੀ ਸਥਾਈ ਕਮੇਟੀ ਦੀ ਮਿਆਦ ਤਿੰਨ ਮਹੀਨਿਆਂ ਲਈ ਵਧਾ ਦਿੱਤੀ ਗਈ ਹੈ। ਇਹ ਜਾਣਕਾਰੀ ਅੱਜ ਸੂਤਰਾਂ ਨੇ ਦਿੱਤੀ। ਬਾਲ ਵਿਆਹ ਰੋਕੂ (ਸੋਧ) ਬਿੱਲ 2021 ਦੀਆਂ ਤਜਵੀਜ਼ਾਂ ਦੀ ਜਾਂਚ ਕਰ ਰਹੀ ਮਹਿਲਾ, ਬਾਲ ਯੁਵਾ ਤੇ ਖੇਡ ਮਾਮਲਿਆਂ ਦੀ ਸੰਸਦੀ ਕਮੇਟੀ ਨੇ ਆਪਣੀ ਇਹ ਰਿਪੋਰਟ ਵੀਰਵਾਰ ਨੂੰ ਸੌਂਪਣੀ ਸੀ। ਸੂਤਰਾਂ ਮੁਤਾਬਕ ਕਮੇਟੀ ਵੱਲੋਂ ਹੁਣ ਇਹ ਰਿਪੋਰਟ 24 ਜੂਨ ਨੂੰ ਸੌਂਪੀ ਜਾਵੇਗੀ। ਕੇਂਦਰੀ ਕੈਬਨਿਟ ਨੇ ਔਰਤਾਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਦੀ ਤਜਵੀਜ਼ ਪਾਸ ਕੀਤੀ ਸੀ, ਪਰ ਬੱਚਿਆਂ ਤੇ ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਕਾਰਕੁਨਾਂ ਦੇ ਵਿਰੋਧ ਦੌਰਾਨ ਇਸ ਮਸਲੇ ਨੂੰ ਸੰਸਦੀ ਕਮੇਟੀ ਕੋਲ ਭੇਜ ਦਿੱਤਾ ਗਿਆ। -ਪੀਟੀਆਈ