ਨਵੀਂ ਦਿੱਲੀ, 25 ਜੁਲਾਈ
ਸੀਬੀਆਈ ਨੇ ਰਾਜ ਸਭਾ ਦੀਆਂ ਸੀਟਾਂ ਅਤੇ ਰਾਜਪਾਲ ਦਾ ਅਹੁਦਾ ਦਿਵਾਉਣ ਦਾ ਝੂਠਾ ਵਾਅਦਾ ਕਰਕੇ ਲੋਕਾਂ ਨਾਲ ਕਥਿਤ ਤੌਰ ’ਤੇ 100 ਕਰੋੜ ਰੁਪਏ ਦੀ ਠੱਗੀ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਕਈ ਰਾਜਾਂ ਵਿੱਚ ਸਰਗਰਮ ਬਹਿਰੂਪੀਆਂ ਦੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਕੇਂਦਰੀ ਜਾਂਚ ਏਜੰਸੀ ਨੇ ਕਈ ਥਾਵਾਂ ’ਤੇ ਛਾਪਾ ਮਾਰ ਕੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇਕ ਮੁਲਜ਼ਮ, ਸੀਬੀਆਈ ਅਧਿਕਾਰੀ ’ਤੇ ਹਮਲਾ ਕਰਨ ਮਗਰੋਂ ਫ਼ਰਾਰ ਹੋ ਗਿਆ। ਇਸ ਹਮਲੇ ਲਈ ਸਥਾਨਕ ਪੁਲੀਸ ਸਟੇਸ਼ਨ ਵਿੱਚ ਵੱਖਰੇ ਤੌਰ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐੱਫਆਈਆਰ ’ਚ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਕਮਲਾਕਰ ਪ੍ਰੇਮ ਕੁਮਾਰ ਬੰਦਗਰ, ਕਰਨਾਟਕ ਦੇ ਬੇਲਗਾਮ ਦੇ ਰਵਿੰਦਰ ਵਿੱਠਲ ਨਾਇਕ ਅਤੇ ਦਿੱਲੀ-ਐੱਨਸੀਆਰ ਦੇ ਮਹੇਂਦਰ ਪਾਲ ਅਰੋੜਾ, ਅਭਿਸ਼ੇਕ ਬੂਰਾ ਤੇ ਮੁਹੰਮਦ ਐਜਾਜ਼ ਖਾਨ ਦਾ ਨਾਂ ਦਰਜ ਕੀਤਾ ਹੈ। -ਪੀਟੀਆਈ