ਲਾਹੌਰ: ਮੁੰਬਈ ਅਤਿਵਾਦੀ ਹਮਲੇ ਦੇ ਸਾਜ਼ਿਸ਼ਘਾੜੇ ਅਤੇ ਪਾਬੰਦੀਸ਼ੁਦਾ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦੀ ਇੱਥੇ ਰਿਹਾਇਸ਼ ਦੇ ਬਾਹਰ ਅੱਜ ਜ਼ਬਰਦਸਤ ਕਾਰ ਬੰਬ ਧਮਾਕਾ ਹੋਇਆ, ਜਿਸ ਵਿੱਚ 3 ਜਣਿਆਂ ਦੀ ਮੌਤ ਹੋ ਗਈ, ਜਦੋਂਕਿ 20 ਜ਼ਖ਼ਮੀ ਹਨ। ਪੁੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਮੁਤਾਬਕ, ਬੰਬ ਧਮਾਕਾ ਜੌਹਰ ਟਾਊਨ ਦੀ ਬੀਓਆਰ ਸੁਸਾਇਟੀ ’ਚ ਸਈਦ ਦੇ ਘਰ ਦੇ ਬਾਹਰ ਸਥਿਤ ਪੁਲੀਸ ਜਾਂਚ ਚੌਕੀ ਵਿੱਚ ਹੋਇਆ। ਜ਼ਖ਼ਮੀਆਂ ਨੂੰ ਜਿਨਾਹ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਛੇ ਦੀ ਹਾਲਤ ਗੰਭੀਰ ਹੈ। ਪੰਜਾਬ ਪੁਲੀਸ ਮੁਖੀ ਇਨਾਮ ਗ਼ਨੀ ਨੇ ਕਿਹਾ ਕਿ ਜੇ ਮੰਨੀ-ਪ੍ਰਮੰਨੀ ਹਸਤੀ ਦੀ ਰਿਹਾਇਸ਼ ਦੇ ਬਾਹਰ ਪੁਲੀਸ ਚੌਕੀ ਨਾ ਹੁੰਦੀ ਤਾਂ ‘ਵੱਡਾ’ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਦਾ ਇਸ਼ਾਰਾ ਸਈਦ ਵੱਲ ਸੀ। ਪੰਜਾਬ ਦੇ ਆਈਜੀਪੀ ਗ਼ਨੀ ਨੇ ਕਿਹਾ ਇਹ ਅਤਿਵਾਦੀ ਕਾਰਵਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਹਮਲੇ ਪਿੱਛੇ ‘ਬਾਹਰੀ’ ਖ਼ੁਫ਼ੀਆ ਏਜੰਸੀਆਂ ਦਾ ਹੱਥ ਹੋ ਸਕਦਾ ਹੈ। ਉਨ੍ਹਾਂ ਕਿਹਾ, ‘‘ਕਾਰ ਵਿੱਚ ਧਮਾਕਾਖੇਜ਼ ਸਮੱਗਰੀ ਰੱਖੀ ਹੋਈ ਸੀ। ਜੋ ਨਿਸ਼ਾਨਾ ਸੀ, ਉਸ ਦੇ ਬਾਹਰ ਪੁਲੀਸ ਚੌਕੀ ਸੀ। ਕਾਰ ਇਸ ਪੁਲੀਸ ਚੌਕੀ ਤੋਂ ਅੱਗੇ ਨਹੀਂ ਜਾ ਸਕੀ।’’ ਉਨ੍ਹਾਂ ਕਿਹਾ ਕਿ ਅਤਿਵਾਦ ਰੋਕੂ ਵਿਭਾਗ ਧਮਾਕੇ ਵਾਲੀ ਥਾਂ ਦੀ ਹਰ ਪੱਖ ਤੋਂ ਜਾਂਚ ਕਰ ਰਿਹਾ ਹੈ। 71 ਸਾਲਾ ਸਈਦ ਅਤਿਵਾਦ ਨੂੰ ਵਿੱਤੀ ਮਦਦ ਦੇਣ ਦੇ ਮਾਮਲੇ ਵਿੱਚ ਲਾਹੌਰ ਦੀ ਕੋਟ ਲੱਖਪਤ ਜੇਲ੍ਹ ’ਚ ਸਜ਼ਾ ਭੁਗਤ ਰਿਹਾ ਹੈ। ਸਈਦ ਦੀ ਅਗਵਾਈ ਵਾਲੀ ਜਮਾਤ-ਉਦ-ਦਾਵਾ ਅਤਿਵਾਦੀ ਸੰਗਠਨ ਲਸ਼ਕਰ-ਏ-ਤਇਬਾ ਦੀ ਮੋਹਰੀ ਜਥੇਬੰਦੀ ਹੈ, ਜੋ 2008 ਦੇ ਮੁੰਬਈ ਹਮਲੇ ਲਈ ਜ਼ਿੰਮੇਵਾਰ ਹੈ। -ਪੀਟੀਆਈ