ਏਟਾ (ਯੂਪੀ), 20 ਮਈ
ਇੱਥੇ ਪਿੰਡ ਡੇਰਾ ਬਣਜਾਰੇ ਨੇੜੇ ਬਣੀ ਇੱਕ ਦੁਕਾਨ ਵਿੱਚ ਪਟਾਕੇ ਬਣਾਉਣ ਵੇਲੇ ਹੋਏ ਧਮਾਕੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਇੱਕ ਗੰਭੀਰ ਜ਼ਖ਼ਮੀ ਹੈ। ਅਲੀਗੰਜ ਥਾਣਾ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਅਲੀਗੰਜ-ਮੈਨਪੁਰੀ ਮਾਰਗ ’ਤੇ ਪਟਾਕਿਆਂ ਦੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ । ਇਸ ਦੌਰਾਨ ਦੋ ਨੌਜਵਾਨ ਝੁਲਸੇ ਗਏ। ਧਮਾਕੇ ਦੌਰਾਨ 45 ਸਾਲਾ ਰਾਜ ਬਹਾਦੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ 32 ਸਾਲਾ ਵਸੀਮ ਗੰਭੀਰ ਹਾਲਤ ਵਿੱਚ ਜ਼ਖ਼ਮੀ ਹੈ। ਜ਼ਖਮੀ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜ਼ਖ਼ਮੀ ਵਸੀਮ ਦੇ ਪਿਤਾ ਸ਼ਫੀਕ ਅਨਸਾਰੀ ਦੇ ਨਾਮ ਪਟਾਕੇ ਬਣਾਉਣ ਦਾ ਲਾਇਸੈਂਸ ਹੈ। ਉਨ੍ਹਾਂ ਕਿਹਾ ਕਿ ਇਹ ਪਟਾਕੇ ਕਿਉਂ ਬਣਾਏ ਜਾ ਰਹੇ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ